
ਜਿੱਤ ਲਈ ਇੰਗਲੈਂਡ ਨੂੰ ਸਿਰਫ਼ 35 ਦੌੜਾਂ ਦੀ ਜ਼ਰੂਰਤ, ਭਾਰਤ ਨੂੰ ਤਿੰਨ ਵਿਕਟਾਂ ਦੀ ਦਰਕਾਰ
ਲੰਡਨ : ਹੈਰੀ ਬਰੂਕ ਅਤੇ ਜੋਅ ਰੂਟ ਦੇ ਸੈਂਕੜੇ ਬਦੌਲਤ ਇੰਗਲੈਂਡ ਸਚਿਨ-ਐਂਡਰਸਨ ਟਰਾਫ਼ੀ ਦੇ ਆਖ਼ਰੀ ਮੈਚ ਵਿਚ ਮਜ਼ਬੂਤ ਸਥਿਤੀ ’ਚ ਪਹੁੰਚ ਚੁਕਾ ਹੈ। ਬੱਦਲਵਾਈ ਦੇ ਨਤੀਜੇ ਵਜੋਂ ਰੌਸ਼ਨੀ ਘੱਟ ਹੋਣ ਕਾਰਨ ਮੈਚ ਨੂੰ ਉਦੋਂ ਰੋਕਣਾ ਪਿਆ ਜਦੋਂ ਇੰਗਲੈਂਡ ਨੇ 6 ਵਿਕਟਾਂ ਉਤੇ 339 ਦੌੜਾਂ ਬਣਾ ਲਈਆਂ ਸਨ। ਉਸ ਨੂੰ ਜਿੱਤ ਲਈ ਸਿਰਫ਼ 35 ਦੌੜਾਂ ਦੀ ਜ਼ਰੂਰਤ ਸੀ ਜਦੋਂ ਜੈਮੀ ਓਵਰਟਨ ਅਤੇ ਜੈਮੀ ਸਮਿੱਥ ਮੈਦਾਨ ’ਤੇ ਖੇਡ ਰਹੇ ਸਨ। ਪੰਜ ਮੈਚਾਂ ਦੀ ਲੜੀ ’ਚ ਇੰਗਲੈਂਡ ਭਾਰਤ ਤੋਂ 2-1 ਨਾਲ ਅੱਗੇ ਹੈ।
ਭਾਰਤ ਦੇ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿੱਨਰ ਮਿਲ ਕੇ ਬਰੂਕ ਅਤੇ ਰੂਟ ਵਿਚਕਾਰ 211 ਗੇਂਦਾਂ ’ਤੇ 195 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਨਾ ਸਕੇ। ਸਿਰਾਜ ਵਲੋਂ ਬਰੂਕ ਦੀ ਇਕ ਕੈਚ ਛਡਣਾ ਵੀ ਭਾਰੀ ਪਿਆ। 35ਵੇਂ ਓਵਰ ਦੀ ਪਹਿਲੀ ਗੇਂਦ ’ਤੇ ਬਰੂਕ 19 ਦੌੜਾਂ ’ਤੇ ਸਨ ਜਦੋਂ ਥੋੜ੍ਹੇ ਸਮੇਂ ਦੇ ਆਰਾਮ ਤੋਂ ਬਾਅਦ ਸਿਰਾਜ ਮੈਦਾਨ ’ਤੇ ਆਏ ਸਨ ਪ੍ਰਸਿੱਧ ਕ੍ਰਿਸ਼ਨ ਦੀ ਇਕ ਗੇਂਦ ’ਤੇ ਕੈਚ ਲੈਣ ਦੀ ਕੋਸ਼ਿਸ਼ ਕੀਤੀ। ਪਰ ਕੈਚ ਫੜਨ ਦੀ ਪ੍ਰਕਿਰਿਆ ਵਿਚ, ਤੇਜ਼ ਗੇਂਦਬਾਜ਼ ਨੇ ਛੱਕਾ ਬਚਾਉਣ ਲਈ ਬਾਊਂਡਰੀ ਤੋਂ ਬਾਹਰ ਕਦਮ ਰੱਖ ਦਿਤਾ। ਇਸ ਤੋਂ ਬਾਅਦ ਬਰੂਕ ਨੇ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜੋ ਉਸ ਦਾ 10ਵਾਂ ਟੈਸਟ ਸੈਂਕੜਾ ਸੀ।
ਹਾਲਾਂਕਿ ਮੈਚ ਉਦੋਂ ਦਿਲਚਸਪ ਮੋੜ ਉਤੇ ਪਹੁੰਚ ਗਿਆ ਜਦੋਂ ਭਾਰਤ ਨੇ ਟੀ-ਬਰੇਕ ਤੋਂ ਬਾਅਦ ਜੇਕਬ ਬੈਥਲ ਅਤੇ ਜੋਅ ਰੂਟ ਨੂੰ ਆਊਟ ਕਰ ਦਿਤਾ। ਜੋਅ ਰੂਟ 105 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੂੰ ਮੈਚ ਜਿ¾ਤਣ ਲਈ ਸਿਰਫ਼ ਤਿੰਨ ਵਿਕਟਾਂ ਦੀ ਜ਼ਰੂਰਤ ਹੈ ਕਿਉਂਕਿ ਕਰਿਸ ਵੋਕਸ ਜ਼ਖਮੀ ਹੋਣ ਕਾਰਨ ਬ¾ਲੇਬਾਜ਼ੀ ਨਹੀਂ ਕਰ ਸਕਦੇ| ਜੇਕਰ ਇੰਗਲੈਂਡ ਮੈਚ ਜਿੱਤਦਾ ਹੈ ਤਾਂ 1902 ਤੋਂ ਬਾਅਦ ਇਸ ਮੈਦਾਨ ਉਤੇ ਇੰਗਲੈਂਡ ਵਲੋਂ ਸਫ਼ਲਤਾਪੂਰਵਕ ਹਾਸਲ ਕੀਤਾ ਇਹ ਸਭ ਤੋਂ ਵੱਡਾ ਟੀਚਾ ਹੋਵੇਗਾ। ਉਦੋਂ ਇੰਗਲੈਂਡ ਨੇ 263 ਦੌੜਾਂ ਬਣਾ ਕੇ ਮੈਚ ਜਿੱਤਿਆ ਸੀ।