ਮਾਂ ਵੱਲੋਂ ਧੀ ਅਮਨਜੋਤ ਕੌਰ ਲਈ ਬਣਾਏ ਜਾਣਗੇ ਰਾਜਮਾਹ-ਚਾਵਲ
ਚੰਡੀਗੜ੍ਹ : ਭਾਰਤ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਜਿੱਤ ਲਿਆ ਹੈ। ਜਿਸ ਦੇ ਇਕ ਕੈਚ ਨੇ ਸਾਰੇ ਮੈਚ ਦਾ ਪਾਸਾ ਪਲਟਿਆ, ਉਸ ਕੈਚ ਨੂੰ ਫੜਨ ਵਾਲੀ ਪੰਜਾਬ ਦੀ ਧੀ ਅਮਨਜੋਤ ਕੌਰ ਹੈ ਅਤੇ ਇਨਾਂ ਦਾ ਪਰਿਵਾਰ ਮੋਹਾਲੀ ’ਚ ਰਹਿੰਦਾ ਹੈ। ਜਿੱਥੇ ਪਰਿਵਾਰ ਵੱਲੋਂ ਧੀ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਨਜੋਤ ਕੌਰ ਨੂੰ ਮਿਠਾਈ ਤਾਂ ਬਿਲਕੁਲ ਵੀ ਪਸੰਦ ਨਹੀਂ ਹੈ। ਅਮਨਜੋਤ ਦੀ ਮਾਂ ਨੇ ਕਿਹਾ ਕਿ ਮੈਂ ਉਸ ਦੇ ਲਈ ਰਾਜਮਾਹ ਦੀ ਸਬਜ਼ੀ ਅਤੇ ਚਾਵਲ ਬਣਾਵਾਂਗੀ। ਉਨ੍ਹਾਂ ਦੱਸਿਆ ਕਿ ਚੈਂਪੀਅਨ ਧੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਜਾਵੇਗਾ ਜਦਕਿ ਸਵੇਰ ਤੋਂ ਹੀ ਪਰਿਵਾਰ ਵੱਲੋਂ ਢੋਲ ਦੇ ਡੱਗੇ ’ਤੇ ਭੰਗੜਾ ਪਾਇਆ ਜਾ ਰਿਹਾ ਹੈ।
ਅਮਨਜੋਤ ਕੌਰ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਛੇ ਸਾਲ ਦੀ ਸੀ ਤਾਂ ਉਸ ਨੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਹ ਗਰਾਊਂਡ ’ਚ ਲੜਕਿਆਂ ਦੇ ਨਾਲ ਖੇਡਦੀ ਹੁੰਦੀ ਸੀ ਅਤੇ ਉਹ ਇਕੱਲੀ ਹੀ ਲੜਕੀ ਹੁੰਦੀ ਸੀ। ਪਰ ਸਾਡੇ ਵੱਲੋਂ ਕਦੇ ਵੀ ਉਸ ਨੂੰ ਰੋਕਿਆ ਨਹੀਂ ਸੀ ਗਿਆ।
ਰਣਜੀਤ ਕੌਰ ਨੇ ਅੱਗੇ ਦੱਸਿਆ ਕਿ ਜਦੋਂ ਉਹ ਖੇਡਦੀ ਸੀ ਤਾਂ ਉਸ ਦੀ ਦਾਦੀ ਘਰ ਦੇ ਬਾਹਰ ਕੁਰਸੀ ’ਤੇ ਬੈਠ ਜਾਂਦੀ ਸੀ ਅਤੇ ਉਸ ਦੀ ਸਾਰੀ ਖੇਡ ਨੂੰ ਦੇਖਦੀ ਸੀ। ਅਮਨਜੋਤ ਵੱਲੋਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਤੋੜੇ ਗਏ ਅਤੇ ਉਸ ਦੀ ਦਾਦੀ ਉਸ ਨੂੰ ਕੁੱਝ ਕਹਿਣ ’ਤੇ ਲੋਕਾਂ ਨਾਲ ਲੜ ਪੈਂਦੀ ਸੀ। ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਮੇਰੀ ਪੋਤੀ ਨੂੰ ਕੋਈ ਕੁੱਝ ਨਹੀਂ ਕਹੇਗਾ।
