
ਪਾਕਿਸਤਾਨ ਸਫ਼ਾਰਤਖ਼ਾਨੇ ਨੂੰ ਸੂਚਿਤ ਕੀਤਾ ਗਿਆ, ਪੁਲਿਸ ਰੀਪੋਰਟ ਵੀ ਦਰਜ
ਕਰਾਚੀ: ਇਟਲੀ ’ਚ ਇਕ ਪਾਕਿਸਤਾਨੀ ਮੁੱਕੇਬਾਜ਼ ਅਪਣੇ ਸਾਥੀ ਦੇ ਬੈਗ ’ਚੋਂ ਪੈਸੇ ਚੋਰੀ ਕਰਨ ਤੋਂ ਬਾਅਦ ਲਾਪਤਾ ਹੋ ਗਿਆ ਹੈ। ਪਾਕਿਸਤਾਨ ਅਮੇਚਰ ਬਾਕਸਿੰਗ ਫੈਡਰੇਸ਼ਨ ਨੇ ਮੰਗਲਵਾਰ ਨੂੰ ਇਹ ਪ੍ਰਗਟਾਵਾ ਕੀਤਾ। ਜ਼ੋਹੇਬ ਰਾਸ਼ਿਦ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਇਟਲੀ ਗਿਆ ਸੀ।
ਫੈਡਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਇਟਲੀ ਵਿਚ ਪਾਕਿਸਤਾਨ ਸਫ਼ਾਰਤਖ਼ਾਨੇ ਨੂੰ ਸੂਚਿਤ ਕਰ ਦਿਤਾ ਹੈ ਅਤੇ ਇਸ ਮਾਮਲੇ ’ਤੇ ਪੁਲਿਸ ਰੀਪੋਰਟ ਵੀ ਦਰਜ ਕਰਵਾਈ ਹੈ।
ਕੌਮੀ ਫੈਡਰੇਸ਼ਨ ਦੇ ਸਕੱਤਰ ਕਰਨਲ ਨਸੀਰ ਅਹਿਮਦ ਨੇ ਕਿਹਾ ਕਿ ਜ਼ੋਹੇਬ ਰਾਸ਼ਿਦ ਦਾ ਇਹ ਕਦਮ ਫੈਡਰੇਸ਼ਨ ਅਤੇ ਦੇਸ਼ ਲਈ ਬਹੁਤ ਸ਼ਰਮਨਾਕ ਹੈ। ਉਹ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀ ਪੰਜ ਮੈਂਬਰੀ ਟੀਮ ਦਾ ਹਿੱਸਾ ਸੀ। ਜ਼ੋਹੇਬ ਨੇ ਪਿਛਲੇ ਸਾਲ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਨਾਸਿਰ ਨੇ ਦਸਿਆ ਕਿ ਮਹਿਲਾ ਮੁੱਕੇਬਾਜ਼ ਲੌਰਾ ਇਕਰਾਮ ਅਭਿਆਸ ਕਰਨ ਗਈ ਸੀ ਅਤੇ ਜ਼ੋਹੇਬ ਨੇ ਫਰੰਟ ਡੈਸਕ ਤੋਂ ਅਪਣੇ ਕਮਰੇ ਦੀ ਚਾਬੀ ਕੱਢੀ ਅਤੇ ਉਸ ਦੇ ਪਰਸ ਵਿਚੋਂ ਵਿਦੇਸ਼ੀ ਕਰੰਸੀ ਕੱਢ ਲਈ। ਫਿਰ ਉਹ ਹੋਟਲ ਤੋਂ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਹ ਕਿਸੇ ਦੇ ਸੰਪਰਕ ’ਚ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪਾਕਿਸਤਾਨੀ ਖਿਡਾਰੀ ਵਿਦੇਸ਼ ’ਚ ਲਾਪਤਾ ਹੋਇਆ ਹੈ।