
ICC Championship Trophy 2025: ਫ਼ਿਰਕੀ ਗੇਂਦਬਾਜ਼ ਵਜੋਂ ਨਿਭਾਈ ਅਹਿਮ ਭੂਮਿਕਾ, ਜਲੰਧਰ ਦੇ ਪਿੰਡ ਰਹੀਮਪੁਰ ਨਾਲ ਸਬੰਧਿਤ ਹੈ ਸੰਘਾ
ਦੁਬਈ ਵਿੱਚ ਚੈਂਪੀਅਨਸ਼ਿਪ ਟਰਾਫ਼ੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫ਼ਾਈਨਲ ਮੈਚ ਖੇਡਿਆ ਗਿਆ। ਜਿਥੇ ਆਸਟਰੇਲੀਆ ਨੂੰ ਹਰਾ ਕੇ ਭਾਰਤ ਲਗਾਤਾਰ ਤੀਜੀ ਵਾਰੀ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿਚ ਪਹੁੰਚਿਆ। ਇਸ ਦੇ ਵਿਚਾਲੇ ਬੜੀ ਦਿਲਚਸਪ ਗੱਲ ਸਾਹਮਣੇ ਆਈ ਕਿ ਆਸਟੇਰਲੀਆ ਦੀ ਟੀਮ ਵਿਚ ਪੰਜਾਬ ਦਾ ਪੁੱਤ ਤਨਵੀਰ ਸਿੰਘ ਸੰਘਾ ਖੇਡਿਆ। ਮੈਚ ਵਿਚ ਸੰਘਾ ਨੇ ਬਤੌਰ ਫ਼ਿਰਕੀ ਗੇਂਦਬਾਜ਼ ਜ਼ਿੰਮੇਵਾਰੀ ਨਿਭਾਈ।
ਜ਼ਿਆਦਾ ਤਜਰਬਾ ਨਾ ਹੋਣ ਕਰ ਕੇ ਇੰਨੇ ਵੱਡੇ ਮੰਚ 'ਤੇ ਉਸ ਦੀ ਗੇਂਦਬਾਜ਼ੀ ਕੁਝ ਦੇਰੀ ਨਾਲ ਆਈ। ਕਪਤਾਨ ਸਟੀਵ ਸਮਿੱਥ ਸੰਘਾ ਤੋਂ ਗੇਂਦਬਾਜ਼ੀ ਕਰਵਾ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸਨ ਪਰ ਜਿਸ ਵੇਲੇ ਸੰਘਾ ਨੂੰ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਉਸ ਵੇਲੇ ਮੈਦਾਨ 'ਤੇ ਵਿਰਾਟ ਕੋਹਲੀ ਤੇ ਸੁਰੇਸ਼ ਅਈਅਰ ਬੱਲੇਬਾਜ਼ੀ ਕਰ ਰਹੇ ਸਨ। ਉਸ ਵੇਲੇ ਤੱਕ ਦੋਵੇਂ ਬੱਲੇਬਾਜ਼ ਪੂਰੀ ਤਰ੍ਹਾਂ ਨਾਲ ਨਜ਼ਰਾਂ ਜਮ੍ਹਾਂ ਚੁੱਕੇ ਸਨ।
ਉਨ੍ਹਾਂ ਨੇ ਸੰਘਾ ਨੂੰ ਆਉਂਦਿਆਂ ਹੀ ਨਿਸ਼ਾਨੇ 'ਤੇ ਲਿਆ ਪਰ ਗੇਂਦਬਾਜ਼ ਦੀ ਦਲੇਰੀ ਸੀ ਕਿ ਉਸ ਨੇ ਇੰਨੇ ਵੱਡੇ ਬੱਲੇਬਾਜ਼ਾਂ ਦੇ ਸਾਹਮਣੇ ਵੀ ਸੁਭਾਵਕ ਗੇਂਦਬਾਜ਼ੀ ਕੀਤੀ। ਜਲੰਧਰ ਦੇ ਪਿੰਡ ਰਹੀਮਪੁਰ ਦਾ ਰਹਿਣ ਵਾਲਾ ਖਿਡਾਰੀ ਤਨਵੀਰ ਸਿੰਘ ਸੰਘਾ ਆਸਟ੍ਰੇਲੀਆਈ ਟੀਮ ਵਿੱਚ ਖੇਡਦਾ ਹੈ। ਬੀਤੇ ਦਿਨ ਮੈਚ ਦੌਰਾਨ ਜਦੋਂ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ ਕੁਮੈਂਟਰੀ ਬਾਕਸ 'ਚ ਚਰਚਾ ਸ਼ੁਰੂ ਕਰ ਦਿੱਤੀ ਕਿ ਆਸਟ੍ਰੇਲੀਆਈ ਖਿਡਾਰੀ ਤਨਵੀਰ ਸੰਘਾ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਹਨ ਤਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਹੈਰਾਨ ਰਹਿ ਗਏ। ਹਰਭਜਨ ਸਿੰਘ ਨੇ ਕਿਹਾ- ਮੈਨੂੰ ਵੀ ਹੁਣੇ ਪਤਾ ਲੱਗਾ ਹੈ ਕਿ ਤਨਵੀਰ ਜਲੰਧਰ ਦਾ ਰਹਿਣ ਵਾਲਾ ਹੈ।
ਚੈਂਪੀਅਨ ਟਰਾਫ਼ੀ ਦੌਰਾਨ ਆਸਟਰੇਲੀਅਨ ਟੀਮ ਵਿੱਚ ਜਲੰਧਰ ਦੇ ਪੁੱਤਰ ਦੀ ਚੋਣ ਨਾਲ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਤਨਵੀਰ ਸਿੰਘ ਸੰਘਾ ਆਸਟ੍ਰੇਲੀਅਨ ਟੀਮ 'ਚ ਸਪਿਨ ਗੇਂਦਬਾਜ਼ ਵਜੋਂ ਖੇਡਦਾ ਹੈ ਅਤੇ ਉਹ ਆਸਟ੍ਰੇਲੀਆਈ ਗੇਂਦਬਾਜ਼ ਐਡਮ ਜ਼ੈਂਪਾ ਤੋਂ ਬਾਅਦ ਸਭ ਤੋਂ ਮਸ਼ਹੂਰ ਸਪਿਨ ਗੇਂਦਬਾਜ਼ ਹੈ।
ਤਨਵੀਰ ਸੰਘਾ ਜਲੰਧਰ ਦੇ ਨਕੋਦਰ ਵਿੱਚ ਸਥਿਤ ਇੱਕ ਛੋਟੇ ਜਿਹੇ ਪਿੰਡ ਰਹੀਮਪੁਰ ਨਾਲ ਸਬੰਧਿਤ ਹੈ। ਸਪਿਨ ਗੇਂਦਬਾਜ਼ ਤਨਵੀਰ ਦਾ ਜਨਮ 2001 ਵਿੱਚ ਸਿਡਨੀ, ਆਸਟ੍ਰੇਲੀਆ ਵਿੱਚ ਹੋਇਆ ਸੀ।
ਉਸ ਨੇ ਉੱਥੇ ਪੜ੍ਹਾਈ ਕੀਤੀ। ਤਨਵੀਰ ਦੇ ਪਿਤਾ ਪਹਿਲਾਂ ਵਿਦੇਸ਼ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਉੱਥੇ ਵਿਆਹ ਹੋਇਆ ਅਤੇ ਉੱਥੇ ਹੀ ਤਨਵੀਰ ਦਾ ਜਨਮ ਹੋਇਆ। ਪਿੰਡ ਵਾਸੀਆਂ ਅਨੁਸਾਰ ਤਨਵੀਰ ਬਚਪਨ ਵਿੱਚ ਕਈ ਵਾਰ ਉਨ੍ਹਾਂ ਦੇ ਪਿੰਡ ਆਇਆ। ਹੁਣ ਜਦੋਂ ਉਸ ਨੇ ਇੰਨਾ ਵੱਡਾ ਅਹੁਦਾ ਹਾਸਲ ਕੀਤਾ ਹੈ ਤਾਂ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ।
ਤਨਵੀਰ ਦੇ ਪਿੰਡ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੇ ਕਿਹਾ- ਆਸਟ੍ਰੇਲੀਆ ਵਿਚ ਤਨਵੀਰ ਸਿੰਘ ਸੰਘਾ ਦੀ ਕਾਰਗੁਜ਼ਾਰੀ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਤਨਵੀਰ ਨੇ ਪਿੰਡ ਦੇ ਨਾਲ-ਨਾਲ ਜਲੰਧਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਕਿਉਂਕਿ ਤਨਵੀਰ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਾ ਹੈ।