
ਪਾਕਿਸਤਾਨ ਕ੍ਰਿਕਟ ਬੋਰਡ ਨੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਪਮਾਨਜਨਕ ਭਾਸ਼ਾ ਦੀ ਸਖਤ ਨਿੰਦਾ ਕੀਤੀ
ਬੇ ਓਵਲ (ਮਾਊਂਟ ਮੌਨਗਾਨੂਈ) : ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ 0-3 ਨਾਲ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਆਲਰਾਊਂਡਰ ਖੁਸ਼ਦਿਲ ਸ਼ਾਹ ਦਾ 5 ਅਪ੍ਰੈਲ (ਸਨਿਚਰਵਾਰ) ਨੂੰ ਮੈਚ ਵੇਖਣ ਆਏ ਕੁੱਝ ਪ੍ਰਸ਼ੰਸਕਾਂ ਨਾਲ ਝਗੜਾ ਹੋ ਗਿਆ।
ਕੁੱਝ ਰੀਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਜ਼ੁਬਾਨੀ ਝਗੜੇ ’ਚ ਸ਼ਾਮਲ ਪ੍ਰਸ਼ੰਸਕ ਅਫਗਾਨਿਸਤਾਨ ਦੇ ਪ੍ਰਸ਼ੰਸਕ ਸਨ ਜਿਨ੍ਹਾਂ ਨੇ ਪਸ਼ਤੋ ’ਚ ਪਾਕਿਸਤਾਨ ਵਿਰੋਧੀ ਨਾਅਰੇ ਲਗਾਉਂਦੇ ਹੋਏ ਗਾਲ੍ਹਾਂ ਕੱਢੀਆਂ ਸਨ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਅਨੁਸਾਰ, ਖੁਸ਼ਦਿਲ ਨੂੰ ਸਟੈਂਡ ’ਤੇ ਮੌਜੂਦ ਵਿਅਕਤੀਆਂ ਨੇ ਜ਼ੁਬਾਨੀ ਗਾਲਾਂ ਕੱਢੀਆਂ, ਜਿਨ੍ਹਾਂ ਨੇ ਕਥਿਤ ਤੌਰ ’ਤੇ ਪਾਕਿਸਤਾਨ ਵਿਰੋਧੀ ਨਾਅਰੇ ਅਤੇ ਅਣਉਚਿਤ ਭਾਸ਼ਾ ਬੋਲੀ।
ਪੀ.ਸੀ.ਬੀ. ਨੇ ਇਕ ਬਿਆਨ ਵਿਚ ਕਿਹਾ, ‘‘ਪਾਕਿਸਤਾਨ ਕ੍ਰਿਕਟ ਟੀਮ ਪ੍ਰਬੰਧਨ ਨੇ ਵਿਦੇਸ਼ੀ ਦਰਸ਼ਕਾਂ ਵਲੋਂ ਕੌਮੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਪਮਾਨਜਨਕ ਭਾਸ਼ਾ ਦੀ ਸਖਤ ਨਿੰਦਾ ਕੀਤੀ ਹੈ। ਅੱਜ ਮੈਚ ਦੌਰਾਨ ਵਿਦੇਸ਼ੀ ਦਰਸ਼ਕਾਂ ਨੇ ਮੈਦਾਨ ’ਤੇ ਮੌਜੂਦ ਕ੍ਰਿਕਟਰਾਂ ’ਤੇ ਅਣਉਚਿਤ ਟਿਪਣੀਆਂ ਕੀਤੀਆਂ।’’
ਬੋਰਡ ਅਨੁਸਾਰ ਜਦੋਂ ਪਾਕਿਸਤਾਨ ਵਿਰੋਧੀ ਨਾਅਰੇ ਲੱਗੇ ਤਾਂ ਕ੍ਰਿਕਟਰ ਖੁਸ਼ਦਿਲ ਸ਼ਾਹ ਨੇ ਅੱਗੇ ਆ ਕੇ ਦਰਸ਼ਕਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ। ਇਸ ਦੇ ਜਵਾਬ ਵਿਚ ਅਫਗਾਨ ਦਰਸ਼ਕਾਂ ਨੇ ਪਸ਼ਤੋ ਵਿਚ ਹੋਰ ਅਣਉਚਿਤ ਭਾਸ਼ਾ ਦੀ ਵਰਤੋਂ ਕਰ ਕੇ ਸਥਿਤੀ ਨੂੰ ਹੋਰ ਵਿਗਾੜ ਦਿਤਾ। ਪਾਕਿਸਤਾਨੀ ਟੀਮ ਦੀ ਸ਼ਿਕਾਇਤ ਤੋਂ ਬਾਅਦ ਸਟੇਡੀਅਮ ਦੇ ਅਧਿਕਾਰੀਆਂ ਨੇ ਦਖਲ ਦਿਤਾ ਅਤੇ ਦੋਹਾਂ ਦਰਸ਼ਕਾਂ ਨੂੰ ਬਾਹਰ ਕੱਢ ਦਿਤਾ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਚਸ਼ਮਦੀਦਾਂ ਦੀਆਂ ਵੀਡੀਉਜ਼ ’ਚ ਖੁਸ਼ਦਿਲ ਭਾਵਨਾਤਮਕ ਪ੍ਰਤੀਕਿਰਿਆ ਦਿੰਦੇ ਹੋਏ ਵਿਖਾਈ ਦੇ ਰਹੇ ਹਨ।
ਇਥੇ ਹੀ ਬਸ ਨਹੀਂ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਵੀ ਮੈਚ ਤੋਂ ਬਾਅਦ ਵਿਵਾਦਪੂਰਨ ਬਿਆਨ ਦਿਤਾ ਕਿ ਪਾਕਿ ਟੀਮ ਹਾਰ ਨੂੰ ਭੁੱਲ ਕੇ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦਾ ਆਨੰਦ ਮਾਣੇਗੀ। ਚੈਂਪੀਅਨਜ਼ ਟਰਾਫੀ ਅਤੇ ਇਸ ਸੀਰੀਜ਼ ਤੋਂ ਬਾਅਦ ਅਸੀਂ ਅਤੀਤ ਨੂੰ ਛੱਡ ਦੇਵਾਂਗੇ। ਰਿਜ਼ਵਾਨ ਨੇ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ’ਓ ਕਿਹਾ, ‘‘ਪੀ.ਐਸ.ਐਲ. ਪਾਕਿਸਤਾਨ ਵਿਚ ਸਾਡੇ ਲਈ ਇਕ ਵੱਡਾ ਟੂਰਨਾਮੈਂਟ ਹੈ, ਉਮੀਦ ਹੈ ਕਿ ਸਾਡਾ ਦੇਸ਼ ਅਨੰਦ ਲਵੇਗਾ। ਉਮੀਦ ਹੈ ਕਿ ਅਸੀਂ ਪੀ.ਐਸ.ਐਲ. ’ਚ ਚੰਗਾ ਪ੍ਰਦਰਸ਼ਨ ਕਰਾਂਗੇ।’’