
ਆਈਪੀਐਲ ਜ਼ਰੀਏ ਬੀਸੀਸੀਆਈ ਨੂੰ ਹੋਣੀ ਸੀ ਕਰੋੜਾਂ ਦੀ ਕਮਾਈ
ਨਵੀਂ ਦਿੱਲੀ: ਕਈ ਖਿਡਾਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਨੂੰ ਮੁਲਤਵੀ ਕਰਨਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਇਸ ਸੀਜ਼ਨ ਦੇ ਆਈਪੀਐਲ ਦੀ ਸਪਾਂਸਰਸ਼ਿਪ ਤੋਂ 700 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਹੋਣ ਦੀ ਉਮੀਦ ਸੀ ਪਰ ਆਈਪੀਐਲ ਮੁਲਤਵੀ ਹੋਣ ਕਾਰਨ ਬੀਸੀਸੀਆਈ ਨੂੰ ਘਾਟਾ ਪੈ ਸਕਦਾ ਹੈ। ਬੀਸੀਸੀਆਈ ਨੇ ਆਈਪੀਐਲ ਦਾ ਬੀਮਾ ਤਾਂ ਕਰਵਾਇਆ ਹੈ ਪਰ ਆਈਪੀਐਲ ਮੈਚ ਟਲ ਜਾਣ ਦੇ ਬਾਵਜੂਦ ਵੀ ਉਸ ਨੂੰ ਕਲੇਮ ਨਹੀਂ ਮਿਲ ਸਕੇਗਾ।
IPL 2021
ਕਿਉਂ ਨਹੀਂ ਮਿਲੇ ਸਕੇਗਾ ਕਲੇਮ?
ਆਈਪੀਐਲ ਦਾ ਬੀਮਾ ਤਾਂ ਹੈ ਪਰ ਇਸ ਵਿਚ ਕੋਵਿਡ-19 ਸ਼ਾਮਲ ਨਹੀ ਹੈ। ਰਿਪੋਰਟ ਮੁਤਾਬਕ ਕੋਰੋਨਾ ਦੇ ਚਲਦਿਆਂ ਹੋਈ ਦੇਰੀ ਦਾ ਬੀਮਾ ਕੰਪਨੀ ਭੁਗਤਾਨ ਨਹੀਂ ਕਰੇਗੀ। ਆਈਪੀਐਲ ਦਾ ਬੀਮਾ ਕਵਰ ਕਰੀਬ 3500 ਕਰੋੜ ਰੁਪਏ ਦਾ ਹੈ। ਜੇਕਰ ਲੀਗ ਅੱਤਵਾਦੀ ਘਟਨਾ, ਭੂਚਾਲ, ਚੱਕਰਵਾਤ ਆਦਿ ਕੁਦਰਤੀ ਆਪਦਾ ਕਾਰਨ ਰੱਦ ਹੁੰਦੀ ਤਾਂ ਹੀ ਕਲੇਮ ਮਿਲਣਾ ਸੀ। ਕਈ ਜਾਣਕਾਰਾਂ ਮੁਤਾਬਕ ਅਜਿਹੇ ਵਿਚ ਲੀਗ ਮੁਲਤਵੀ ਹੋਣ ਤੋਂ ਬਾਅਦ ਕੰਪਨੀਆਂ ਨੂੰ ਅੱਧੀ ਰਕਮ ’ਤੇ ਹੀ ਕਮਾਈ ਸੈਟਲ ਕਰਨੀ ਹੋਵੇਗੀ।
BCCI
ਫਰੈਂਚਾਈਜ਼ੀ ਦੀ ਕਮਾਈ 25-30 ਫੀਸਦ ਵਧਣ ਦੀ ਸੀ ਉਮੀਦ
ਇਸ ਵਾਰ ਫਰੈਂਚਾਈਜ਼ੀ ਨੂੰ ਟੀਮ ਸਪਾਂਸਰਸ਼ਿਪ ਨਾਲ ਹੋਣ ਵਾਲੀ ਕਮਾਈ 25-30 ਫੀਸਦ ਵਧਣ ਦੀ ਉਮੀਦ ਸੀ। ਆਈਪੀਐਲ ਵਿਚ ਸ਼ਾਮਲ 8 ਟੀਮਾਂ ਦੀ ਕਮਾਈ 550 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦੀ ਉਮੀਦ ਸੀ। ਇਹਨਾਂ ਵਿਚ ਕੁੱਝ ਵੱਡੀਆਂ ਟੀਮਾਂ 75-80 ਕਰੋੜ ਰੁਪਏ ਅਤੇ ਛੋਟੀਆਂ ਟਮਾਂ 40-45 ਕਰੋੜ ਰੁਪਏ ਤੱਕ ਕਮਾਉਂਦੀਆਂ ਹਨ।
IPL 2021
ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਕਮਾਈ ਹੋਣ ਦੀ ਸੀ ਉਮੀਦ
ਦੱਸ ਦਈਏ ਕਿ ਕੋਰੋਨਾ ਦੇ ਚਲਦਿਆਂ ਪਿਛਲੇ ਸਾਲ ਆਈਪੀਐਲ ਯੂਏਈ ਵਿਚ ਸਤੰਬਰ ਤੋਂ ਨਵੰਬਰ ਮਹੀਨੇ ਵਿਚਕਾਰ ਕਰਵਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਬੋਰਡ ਨੂੰ 400 ਕਰੋੜ ਰੁਪਏ ਦਾ ਸਪਾਂਸਰ ਰਵਿਨਿਊ ਆਇਆ ਸੀ ਪਰ ਇਸ ਵਾਰ ਬੋਰਡ ਨੂੰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਕਮਾਈ ਹੋਣ ਦੀ ਉਮੀਦ ਸੀ। ਬੀਸੀਸੀਆਈ ਇਸ ਵਾਰ ਸਪਾਂਸਰ ਤੋਂ 708 ਕਰੋੜ ਰੁਪਏ ਕਮਾ ਸਕਦਾ ਸੀ।
BCCI
ਇਸ਼ਤਿਹਾਰ ਜ਼ਰੀਏ ਹੋਣੀ ਸੀ 3500 ਕਰੋੜ ਰੁਪਏ ਦੀ ਕਮਾਈ
ਇਸ ਸਾਲ ਆਈਪੀਐਲ ਵਿਚ ਟੀਵੀ ਅਤੇ ਓਟੀਟੀ ਪਲੇਟਫਾਰਮ ਹੋਟਸਟਾਰ ’ਤੇ ਆਉਣ ਵਾਲੇ ਇਸ਼ਤਿਹਾਰਾਂ ਤੋਂ ਬੀਸੀਸੀਆਈ ਨੂੰ 3500 ਕਰੋੜ ਰੁਪਏ ਦੀ ਕਮਾਈ ਦੀ ਉਮੀਦ ਸੀ। ਦੱਸ ਦਈਏ ਕਿ ਇਸ ਸਾਲ ਬੀਸੀਸੀਆਈ ਨੇ ਡਿਜੀਟਲ ਬ੍ਰੋਕਰੇਜ ਫਰਮ ‘ਅਪਸਟਾਕ’ ਨੂੰ ਅਧਿਕਾਰਕ ਪਾਟਨਰ ਬਣਾਇਆ ਸੀ। ਪਿਛਲੀ ਵਾਰ ਦੇ 3 ਦੇ ਮੁਕਾਬਲੇ 2021 ਵਿਚ 4 ਅਧਿਕਾਰਕ ਪਾਟਨਰ ਆਈਪੀਐਲ ਦੇ ਨਾਲ ਜੋੜੇ ਘਏ। ਇਸ ਦੇ ਨਾਲ ਹੀ ਡ੍ਰੀਮ 11 ਦੀ ਥਾਂ ਵੀਵੋ ਨੂੰ ਟਾਈਟਲ ਸਪਾਂਸਰਸ਼ਿਪ ਮਿਲੀ ਸੀ।