
IPS 'ਤੇ ਲਗਾਇਆ ਅਦਾਲਤ ਦੀ ਮਾਣਹਾਨੀ ਦਾ ਦੋਸ਼
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੈਚ ਫਿਕਸਿੰਗ ਮਾਮਲੇ ਵਿੱਚ ਆਈਪੀਐਸ ਅਧਿਕਾਰੀ ਸੰਪਤ ਕੁਮਾਰ ਖ਼ਿਲਾਫ਼ ਮਦਰਾਸ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਉਨ੍ਹਾਂ ਨੇ ਸੰਪਤ 'ਤੇ ਸੁਪਰੀਮ ਕੋਰਟ ਅਤੇ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ।
ਧੋਨੀ ਨੇ ਅਦਾਲਤ ਤੋਂ ਸੰਪਤ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਅਤੇ ਸੰਮਨ ਜਾਰੀ ਕਰਨ ਦੀ ਮੰਗ ਕੀਤੀ ਹੈ। ਅਦਾਲਤ 'ਚ ਧੋਨੀ ਦੀ ਇਸ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਮਾਮਲਾ ਸੂਚੀਬੱਧ ਕੀਤਾ ਗਿਆ ਹੈ ਪਰ ਸ਼ੁੱਕਰਵਾਰ ਨੂੰ ਇਸ 'ਤੇ ਸੁਣਵਾਈ ਨਹੀਂ ਹੋ ਸਕੀ। ਐਮ.ਐਸ. ਧੋਨੀ ਨੇ 2014 'ਚ ਤਤਕਾਲੀ ਆਈਜੀ ਸੰਪਤ ਕੁਮਾਰ ਦੇ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ ਸੀ। ਇਹ ਮੁਕੱਦਮਾ ਸੰਪਤ ਕੁਮਾਰ ਨੂੰ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਵਿੱਚ ਧੋਨੀ ਨਾਲ ਸਬੰਧਤ ਕੋਈ ਵੀ ਬਿਆਨ ਦੇਣ ਤੋਂ ਰੋਕਣ ਲਈ ਦਾਇਰ ਕੀਤਾ ਗਿਆ ਸੀ।
ਸਾਬਕਾ ਕਪਤਾਨ ਨੇ ਅਦਾਲਤ ਤੋਂ ਉਸ ਨੂੰ ਹਰਜਾਨੇ ਵਜੋਂ 100 ਕਰੋੜ ਰੁਪਏ ਅਦਾ ਕਰਨ ਦਾ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਸੀ। ਇਸ ਦੇ ਨਾਲ ਹੀ 18 ਮਾਰਚ 2014 ਨੂੰ ਅਦਾਲਤ ਨੇ ਇੱਕ ਅੰਤਰਿਮ ਹੁਕਮ ਵਿੱਚ ਸੰਪਤ ਕੁਮਾਰ ਨੂੰ ਧੋਨੀ ਦੇ ਖ਼ਿਲਾਫ਼ ਬਿਆਨ ਦੇਣ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਵੀ, ਸੰਪਤ ਕੁਮਾਰ ਨੇ ਕਥਿਤ ਤੌਰ 'ਤੇ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਇਰ ਕਰ ਕੇ ਇਸ ਮਾਮਲੇ ਵਿਚ ਨਿਆਂਪਾਲਿਕਾ ਅਤੇ ਸੂਬੇ ਦੇ ਸੀਨੀਅਰ ਵਕੀਲਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ। ਧੋਨੀ ਨੇ ਆਪਣੀ ਪਟੀਸ਼ਨ 'ਚ ਸੰਪਤ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ।