
ਯਸ਼ਸਵੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜ਼ਿੰਦਗੀ ਆਸਾਨ ਨਹੀਂ ਸੀ।
Yashaswi Jaiswal: ਨਵੀਂ ਦਿੱਲੀ - ਜਦੋਂ ਯਸ਼ਸਵੀ ਜੈਸਵਾਲ ਨੇ ਬੀਤੇ ਦਿਨ ਦੋਹਰਾ ਸੈਂਕੜਾ ਲਗਾਇਆ ਤਾਂ ਹਰ ਕੋਈ ਉਸ ਦੀ ਤਾਰੀਫ਼ ਕਰਨ ਲੱਗਾ। ਪਰ ਜੇਕਰ ਤੁਸੀਂ ਉਸ ਦੇ ਇਸ ਕ੍ਰਿਕਟ ਦੇ ਮੁਕਾਮ 'ਤੇ ਪਹੁੰਚਣ ਲਈ ਇਸ ਖਿਡਾਰੀ ਵੱਲੋਂ ਕੀਤੀ ਮਿਹਨਤ ਬਾਰੇ ਜਾਣੋਗੇ ਤਾਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਜਦੋਂ ਯਸ਼ਸਵੀ ਜੈਸਵਾਲ ਕ੍ਰਿਕਟਰ ਬਣਨ ਦਾ ਸੁਪਨਾ ਲੈ ਕੇ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਮਾਇਆਨਗਰੀ ਵਜੋਂ ਜਾਣੀ ਜਾਂਦੀ ਮੁੰਬਈ ਪਹੁੰਚਿਆ ਤਾਂ ਉਸ ਨੂੰ ਖੁੱਲੇ ਮੈਦਾਨ ਵਿਚ ਤੰਬੂ ਵਿਚ ਕਈ ਰਾਤਾਂ ਬਿਤਾਉਣੀਆਂ ਪਈਆਂ।
ਯਸ਼ਸਵੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜ਼ਿੰਦਗੀ ਆਸਾਨ ਨਹੀਂ ਸੀ। ਖਾਨਾਬਦੋਸ਼ ਵਾਂਗ ਤੰਬੂ ਵਿਚ ਰਾਤਾਂ ਬਿਤਾਉਣਾ ਇੱਕ ਭਿਆਨਕ ਅਨੁਭਵ ਸੀ। ਕੋਈ ਰੌਸ਼ਨੀ ਨਹੀਂ ਸੀ। ਕਿਸੇ ਬਿਹਤਰ ਥਾਂ 'ਤੇ ਜਾਣ ਲਈ ਪੈਸੇ ਨਹੀਂ ਸਨ। ਇੰਨਾ ਹੀ ਨਹੀਂ ਉਸ ਨੂੰ ਖੇਤ 'ਚ ਬਣੇ ਟੈਂਟ 'ਚ ਪਨਾਹ ਲੈਣ ਲਈ ਵੀ ਕਾਫ਼ੀ ਮਿਹਨਤ ਕਰਨੀ ਪਈ।
ਜਦੋਂ ਸਾਨੂੰ ਤੰਬੂ ਵਿਚ ਸੌਣ ਲਈ ਥਾਂ ਮਿਲਦੀ ਸੀ ਤਾਂ ਉੱਥੇ ਰਹਿੰਦੇ ਬਾਗਬਾਨ ਮਾੜਾ ਵਿਵਹਾਰ ਕਰਦੇ ਸਨ। ਕਈ ਵਾਰ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਜਦੋਂ ਯਸ਼ਸਵੀ ਆਪਣੀ ਜੀਵਨ ਕਹਾਣੀ ਸੁਣਾ ਰਹੇ ਸਨ ਤਾਂ ਉਹ ਭਾਵੁਕ ਹੋ ਗਏ। ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਸੋਮਵਾਰ ਨੂੰ ਭਾਰਤ ਦੀ ਜਿੱਤ ਨਾਲ ਸਮਾਪਤ ਹੋਇਆ।
ਭਾਰਤੀ ਟੀਮ ਨੇ ਇੰਗਲੈਂਡ ਤੋਂ ਪਿਛਲੀ ਹਾਰ ਦਾ ਬਦਲਾ ਲੈਂਦਿਆਂ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇਸ ਮੈਚ 'ਚ ਯਸ਼ਸਵੀ ਜੈਸਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਉਸ ਨੇ ਵਿਰੋਧੀ ਟੀਮ ਖਿਲਾਫ਼ ਦੂਜੀ ਪਾਰੀ 'ਚ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਵੀ ਉਸ ਦੇ ਪ੍ਰਦਰਸ਼ਨ 'ਤੇ ਪ੍ਰਤੀਕਿਰਿਆ ਦਿੱਤੀ, ਜਿਸ 'ਤੇ ਹੁਣ ਨੌਜਵਾਨ ਬੱਲੇਬਾਜ਼ ਨੇ ਪ੍ਰਤੀਕਿਰਿਆ ਦਿੱਤੀ ਹੈ।
ਜੈਸਵਾਲ ਨੇ 209 ਦੌੜਾਂ ਬਣਾਈਆਂ ਸਨ। ਇਸ ਨਾਲ ਉਹ ਭਾਰਤ ਲਈ ਟੈਸਟ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲਾ ਤੀਜਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਬਣ ਗਿਆ। ਉਹ ਸੁਨੀਲ ਗਾਵਸਕਰ ਅਤੇ ਵਿਨੋਦ ਕਾਂਬਲੀ ਦੇ ਕਲੱਬ ਵਿਚ ਸ਼ਾਮਲ ਹੋ ਗਿਆ। ਜੈਸਵਾਲ ਭਾਰਤ ਲਈ ਟੈਸਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲਾ ਪੰਜਵਾਂ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਵੀ ਬਣਿਆ। ਯਸ਼ਸਵੀ ਨੇ ਆਪਣੇ ਟੈਸਟ ਕਰੀਅਰ ਦੀ 10ਵੀਂ ਪਾਰੀ ਵਿਚ ਦੋਹਰਾ ਸੈਂਕੜਾ ਲਗਾਇਆ ਅਤੇ ਕਰੁਣ ਨਾਇਰ-ਵਿਨੋਦ ਕਾਂਬਲੀ ਦੇ ਕਲੱਬ ਵਿੱਚ ਸ਼ਾਮਲ ਹੋ ਗਏ।