
ਦੋਹਰਾ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ
ਨਵੀਂ ਦਿੱਲੀ : ਓਲੰਪਿਕ ਖੇਡਾਂ ਵਿਸ਼ਵ ਚੈਂਪੀਅਨਸ਼ਿਪ ਅਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲਿਆਂ ਵਿਚ ਦੇਸ਼ ਲਈ ਤਗਮੇ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇੱਕ ਹੋਰ ਕਾਰਨਾਮਾ ਕੀਤਾ ਹੈ। ਨੀਰਜ ਡਾਇਮੰਡ ਲੀਗ 'ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।
25 ਸਾਲਾ ਨੀਰਜ ਨੇ ਦੋਹਾ ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿਚ ਆਪਣੀ ਪਹਿਲੀ ਕੋਸ਼ਿਸ਼ ਵਿਚ 88.67 ਮੀਟਰ ਦਾ ਜੈਵਲਿਨ ਸੁਟਿਆ। ਇਹ ਨੀਰਜ ਦਾ ਸੋਨ ਤਮਗਾ ਜਿੱਤਣ ਵਾਲਾ ਪ੍ਰਦਰਸ਼ਨ ਸਾਬਤ ਹੋਇਆ। ਨੀਰਜ ਨੇ ਸਾਲ 2023 ਦਾ ਪਹਿਲਾ ਮੈਡਲ ਜਿੱਤਿਆ ਹੈ।
ਪਿਛਲੇ ਸਾਲ ਸਟਾਕਹੋਮ ਡਾਇਮੰਡ ਲੀਗ ਵਿੱਚ ਨੀਰਜ ਨੇ 89.94 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ ਸੀ। ਪਰ ਇਸ ਵਾਰ ਉਸ ਨੇ 88.67 ਮੀਟਰ ਨਾਲ ਸ਼ੁਰੂਆਤ ਕੀਤੀ, ਇਸ ਤੋਂ ਬਾਅਦ 86.04 ਮੀ. ਤੀਜੇ ਗੇੜ ਵਿਚ 85.47 ਮੀਟਰ ਥਰੋਅ ਕਰ ਕੇ ਉਸ ਨੇ ਚੌਥੇ ਦੌਰ ਵਿਚ ਫਾਊਲ ਕੀਤਾ। ਪੰਜਵੇਂ ਦੌਰ ਵਿਚ ਨੀਰਜ ਨੇ 84.37 ਮੀਟਰ ਦੀ ਦੂਰੀ ਤੈਅ ਕੀਤੀ ਅਤੇ ਗੋਲਡ ਮੈਡਲ ਆਪਣੇ ਨਾਮ ਕੀਤਾ।