
ਪੰਜਾਬੀ ਖਿਡਾਰੀਆਂ ਦੀ ਅਥਾਹ ਸਮਰੱਥਾ ਨੂੰ ਦੇਖ ਕੇਂਦਰੀ ਸਕੀਮਾਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਮੰਗ
ਚੰਗੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰਕੇ ਖੇਡਾਂ ਸੰਬੰਧੀ ਬਣਾਈਆਂ ਜਾਂਦੀਆਂ ਕੇਂਦਰੀ ਸਕੀਮਾਂ ਵਿੱਚ ਪੰਜਾਬ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਉਚੇਚੇ ਤੌਰ ਉੱਤੇ ਯਤਨ ਕਰ ਰਹੀ ਹੈ।
Meet Hayer calls on Union Sports Minister Anurag Thakur
ਪੰਜਾਬੀ ਖਿਡਾਰੀਆਂ ਦੀ ਅਥਾਹ ਸਮਰੱਥਾ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ ਖੇਡ ਬੁਨਿਆਦੀ ਢਾਂਚੇ, ਖੇਡ ਸੈਂਟਰ ਸਣੇ ਖੇਲੋ ਇੰਡੀਆ ਆਦਿ ਸਕੀਮਾਂ ਵਿੱਚ ਪੰਜਾਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ ਜਿਸ ਨਾਲ ਦੇਸ਼ ਦੀਆਂ ਖੇਡਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਹੁਣੇ ਤੋਂ ਹੀ ਅਗਲੇ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੇ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ।
Meet Hayer calls on Union Sports Minister Anurag Thakur
ਮੀਤ ਹੇਅਰ ਨੇ ਕਿਹਾ ਕਿ ਮੁੱਢ ਕਦੀਮ ਤੋਂ ਹੀ ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਜਿੱਥੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ ਉੱਥੇ ਚਾਰ ਵੇਟਲਿਫਟਰਾਂ ਨੇ ਤਮਗੇ ਵੀ ਜਿੱਤੇ ਹਨ। ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ 11 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੇ ਖੇਡ ਮੰਤਰੀ ਨੇ ਸ੍ਰੀ ਠਾਕੁਰ ਨਾਲ ਪੰਜਾਬ ਅਤੇ ਦੇਸ਼ ਦੀਆਂ ਖੇਡਾਂ ਬਾਰੇ ਚਰਚਾ ਕੀਤੀ, ਕਿਵੇਂ ਕੌਮਾਂਤਰੀ ਪੱਧਰ ਉਤੇ ਦੇਸ਼ ਦੇ ਖਿਡਾਰੀ ਮੱਲਾਂ ਮਾਰਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।