
ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਓਲੰਪਿਕ ਮੈਡਲ ਜੇਤੂ ਵਿਜੇਂਦਰ ਸਿੰਘ ਆਪਣੇ ਕਰੀਅਰ ਵਿਚ ਪਹਿਲੀ ਵਾਰ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਮੱਕਾ ਕਹੇ ਜਾਣ ਵਾਲੇ ਅਮਰੀਕਾ ਵਿਚ
ਨਵੀਂ ਦਿੱਲੀ : ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਓਲੰਪਿਕ ਮੈਡਲ ਜੇਤੂ ਵਿਜੇਂਦਰ ਸਿੰਘ ਆਪਣੇ ਕਰੀਅਰ ਵਿਚ ਪਹਿਲੀ ਵਾਰ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਮੱਕਾ ਕਹੇ ਜਾਣ ਵਾਲੇ ਅਮਰੀਕਾ ਵਿਚ 12 ਅਪ੍ਰੈਲ ਨੂੰ ਆਪਣੀ ਸ਼ੁਰੂਆਤ ਕਰਨਗੇ। ਆਪਣੇ ਕਰੀਅਰ ਵਿਚ 10 ਮੁਕਾਬਲਿਆਂ ਵਿਚ ਜੇਤੂ ਚੱਲ ਰਹੇ ਅਤੇ ਇਹਨਾਂ ਵਿਚੋਂ 7 ਮੁਕਾਬਲੇ ਨਾਕਆਊਟ ਵਿਚ ਜਿੱਤ ਚੁੱਕੇ ਵਿਜੇਂਦਰ 12 ਅਪ੍ਰੈਲ ਨੂੰ ਸਟੇਪਲਸ ਸੈਂਟਰ ਵਿਚ ਆਪਣੀ ਸ਼ੁਰੂਆਤ ਕਰਨਗੇ। ਉਹ ਅੱਠ ਰਾਊਂਡ ਦਾ ਮੁਕਾਬਲਾ ਖੇਡਣਗੇ ਪਰ ਉਹਨਾਂ ਦੇ ਵਿਰੋਧੀ ਮੁੱਕੇਬਾਜ਼ ਦੀ ਹਾਲੇ ਘੋਸ਼ਣਾ ਨਹੀਂ ਕੀਤੀ ਗਈ।
33 ਸਾਲਾਂ ਦੇ ਵਿਜੇਂਦਰ ਸਿੰਘ ਨੇ ਹਾਲ ਹੀ ਵਿਚ ਆਪਣੇ ਟ੍ਰੇਨਿੰਗ ਬੇਸ ਨੂੰ ਲਾਸ ਏਂਜਲਸ ਸ਼ਿਫਟ ਕੀਤਾ ਸੀ, ਜਿੱਥੇ ਉਹ ਵਿਸ਼ਵ ਪ੍ਰਸਿੱਧ ਮੁੱਕੇਬਾਜ਼ੀ ਕਲੱਬ ਦ ਵਾਈਲਡ ਕਾਰਡ ਬਾਕਸਿੰਗ ਕਲੱਬ ਵਿਚ ਮੰਨੇ ਪ੍ਰਮੰਨੇ ਕੋਚ ਫਰੇਡੀ ਰੋਚ ਦੇ ਤਹਿਤ ਟ੍ਰੇਨਿੰਗ ਲੈਣਗੇ। ਫਰੇਡੀ ਨੇ ਹੁਣ ਤੱਕ 36 ਵਿਸ਼ਵ ਚੈਂਪੀਅਨ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਮੈਨੀ ਪੈਕਿਆਓ ਅਤੇ ਮਾਈਕ ਟਾਇਸਨ ਵਰਗੇ ਦਿੱਗਜ਼ ਮੁੱਕੇਬਾਜ਼ ਸ਼ਾਮਿਲ ਹਨ।
Coach Freddie Roach
ਵਿਜੇਂਦਰ ਨੇ ਕਿਹਾ, “ਮੈਂ ਬਹੁਤ ਰੋਮਾਂਚਿਕ ਹਾਂ ਕਿ ਮੈਨੂੰ ਫਰੇਡੀ ਜਿਹੇ ਦਿਗੱਜ਼ ਕੋਚ ਦੀ ਨਿਗਰਾਨੀ ਹੇਠ ਟ੍ਰੇਨਿੰਗ ਕਰਨ ਦਾ ਮੌਕਾ ਮਿਲ ਰਿਹਾ ਹੈ। ਮੇਰੇ ਲਈ ਉਹਨਾਂ ਨਾਲ ਟ੍ਰੇਨਿੰਗ ਕਰਨਾ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਉਹ ਕਈ ਵਿਸ਼ਵ ਚੈਂਪੀਅਨ ਤਿਆਰ ਕਰ ਚੁੱਕੇ ਹਨ। ਮੈਂ ਜਾਣਦਾ ਹਾਂ ਕਿ ਉਹ ਮੇਰੇ ਅੰਦਰ ਦੀ ਸ਼ਕਤੀ ਨੂੰ ਬਾਹਰ ਲਿਆ ਸਕਦੇ ਹਨ ਅਤੇ ਉਹਨਾਂ ਦੇ ਦਿਖਾਏ ਰਾਸਤੇ ਤੋਂ ਮੈਂ ਵੀ ਵਿਸ਼ਵ ਚੈਂਪੀਅਨ ਬਣ ਸਕਦਾ ਹਾਂ”।
ਫਰੇਡੀ ਨੇ ਕਿਹਾ, “ ਮੇਰਾ ਮੰਨਣਾ ਹੈ ਕਿ ਵਿਜੇਂਦਰ ਕੋਲ ਵਿਸ਼ਵ ਚੈਂਪਿਅਨ ਬਣਨ ਦੀ ਪ੍ਰਤੀਭਾ ਤੇ ਸਮਰਪਣ ਹੈ। ਉਹਨਾਂ ਦਾ ਇਤਿਹਾਸ ਸ਼ਾਨਦਾਰ ਹੈ ਅਤੇ ਉਹ ਦੁਨੀਆ ਦੇ ਸੁਪਰ ਮਿਡਲਵੇਟ ਮੁੱਕੇਬਾਜ਼ਾਂ ਨੂੰ ਧੂੜ ਚਟਾ ਸਕਦੇ ਹਨ” ।