
S. Sreesanth News:ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੀਰਜ ਕੁਮਾਰ ਨੇ ਦਿੱਤਾ ਵੱਡਾ ਬਿਆਨ
S. Sreesanth News : ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਖੇਡਾਂ ਵਿਚ ਭ੍ਰਿਸ਼ਟਾਚਾਰ ਵਿਰੁਧ ਕਾਨੂੰਨ ਲਿਆਉਣ ’ਚ ਹਿਤਧਾਰਕਾਂ ਨੇ ਗੰਭੀਰਤਾ ਦੀ ਸਪੱਸ਼ਟ ਕਮੀ ਵਿਖਾਈ ਹੈ ਅਤੇ ਇਸੇ ਕਰ ਕੇ ਦਾਗੀ ਸਾਬਕਾ ਤੇਜ਼ ਗੇਂਦਬਾਜ਼ ਸ਼੍ਰੀਸੰਤ ਵਰਗਾ ਵਿਅਕਤੀ ਆਈ.ਪੀ.ਐਲ. 2013 ’ਚ ਉਸ ਵਿਰੁਧ ਸਪਾਟ ਫਿਕਸਿੰਗ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਉਹ ਬਚ ਗਿਆ।
37 ਸਾਲਾਂ ਤਕ ਦੇਸ਼ ਦੀ ਸੇਵਾ ਕਰਨ ਵਾਲੇ ਇਕ ਆਈ.ਪੀ.ਐੱਸ. ਅਧਿਕਾਰੀ ਨੀਰਜ ਦਿੱਲੀ ਪੁਲਿਸ ਦੇ ਇੰਚਾਰਜ ਸਨ, ਜਦੋਂ ਉਨ੍ਹਾਂ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਨੇ ਸਪਾਟ ਫਿਕਸਿੰਗ ਦੇ ਦੋਸ਼ਾਂ ’ਚ ਸ਼੍ਰੀਸੰਤ ਅਤੇ ਉਸ ਦੇ ਸਾਥੀ ਰਾਜਸਥਾਨ ਰਾਇਲਜ਼ ਦੇ ਕ੍ਰਿਕਟਰ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ ਨੂੰ ਗ੍ਰਿਫ਼ਤਾਰ ਕੀਤਾ। ਸੁਪਰੀਮ ਕੋਰਟ ਨੇ ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਕਿਹਾ ਕਿ 2019 ’ਚ ਉਸ ਵਿਰੁਧ ਸਬੂਤ ਹੋਣ ਦੇ ਬਾਵਜੂਦ ਸਾਬਕਾ ਭਾਰਤੀ ਖਿਡਾਰੀ ’ਤੇ ਉਮਰ ਭਰ ਦੀ ਪਾਬੰਦੀ ’ਤੇ ਮੁੜ ਵਿਚਾਰ ਕੀਤਾ ਜਾਵੇ। ਸਜ਼ਾ ਨੂੰ ਅੰਤ ’ਚ ਸੱਤ ਸਾਲ ਦੀ ਮੁਅੱਤਲੀ ’ਚ ਘਟਾ ਦਿਤਾ ਗਿਆ ਸੀ ਜੋ ਸਤੰਬਰ 2020 ’ਚ ਖ਼ਤਮ ਹੋ ਗਿਆ ਸੀ।
ਨੀਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮਾਮਲਾ ਕਿਤੇ ਵੀ ਨਹੀਂ ਵਧਿਆ ਜਾਪਦਾ, ਬਦਕਿਸਮਤੀ ਨਾਲ ਕ੍ਰਿਕਟ ’ਚ ਭ੍ਰਿਸ਼ਟਾਚਾਰ ਜਾਂ ਆਮ ਤੌਰ ’ਤੇ ਖੇਡਾਂ ਵਿਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਕੋਈ ਕਾਨੂੰਨ (ਭਾਰਤ) ਨਹੀਂ ਹੈ।’’ ਉਨ੍ਹਾਂ ਨੇ ਕਿਹਾ, ‘‘ਜ਼ਿੰਬਾਬਵੇ ਵਰਗੇ ਦੇਸ਼ ’ਚ ਇਕ ਖਾਸ ਕਾਨੂੰਨ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ’ਚ ਕਾਨੂੰਨ ਹੈ, ਯੂਰਪ ’ਚ ਕਾਨੂੰਨ ਹੈ ਕਿਉਂਕਿ ਭ੍ਰਿਸ਼ਟਾਚਾਰ ਸਿਰਫ ਕ੍ਰਿਕਟ ’ਚ ਹੀ ਨਹੀਂ ਸਗੋਂ ਫੁੱਟਬਾਲ, ਟੈਨਿਸ ਅਤੇ ਗੋਲਫ ’ਚ ਵੀ ਹੈ।’’
ਨੀਰਜ 2000 ’ਚ ਸੀ.ਬੀ.ਆਈ. ਦੀ ਜਾਂਚ ਟੀਮ ਦੇ ਹਿੱਸੇ ਦੇ ਰੂਪ ’ਚ ਹੈਂਸੀ ਕਰੋਨੀਏ ਮੈਚ ਫਿਕਸਿੰਗ ਸਕੈਂਡਲ ਨਾਲ ਵੀ ਜੁੜੇ ਸਨ। ਉਨ੍ਹਾਂ ਕਿਹਾ ਕਿ ਖੇਡਾਂ ’ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ’ਚ ਸੱਭ ਤੋਂ ਵੱਡੀ ਰੁਕਾਵਟ ਕਾਨੂੰਨ ਦੀ ਕਮੀ ਹੈ। ਉਨ੍ਹਾਂ ਕਿਹਾ, ‘‘ਉਦਾਹਰਣ ਵਜੋਂ, ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਨਿਆਂਇਕ ਜਾਂਚ ਦੀ ਕਸੌਟੀ ’ਤੇ ਖਰੀਆਂ ਨਹੀਂ ਉਤਰਦੀਆਂ ਹਨ। ਜੇਕਰ ਅਸੀਂ ਕਹੀਏ ਕਿ ਮੈਚ ਫਿਕਸਿੰਗ ਦੌਰਾਨ ਲੋਕਾਂ ਨਾਲ ਧੋਖਾ ਹੋਇਆ, ਤਾਂ ਹੁਣ ਅਦਾਲਤ ਪੁੱਛੇਗੀ, ਮੈਨੂੰ ਇਕ ਵਿਅਕਤੀ ਵਿਖਾਉ, ਜਿਸ ਨਾਲ ਧੋਖਾ ਹੋਇਆ ਹੈ, ਉਸ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰੋ।’’
ਨੀਰਜ ਨੇ ਕਿਹਾ, ‘‘ਕੌਣ ਅਦਾਲਤ ਵਿਚ ਆ ਕੇ ਇਹ ਕਹੇਗਾ ਕਿ ਉਹ ਨਿਰਪੱਖ ਖੇਡ ਦੀ ਉਮੀਦ ਨਾਲ ਕ੍ਰਿਕਟ ਮੈਚ ਵੇਖਣ ਗਿਆ ਸੀ। ਇਸ ਲਈ ਪੀੜਤ ਦੀ ਗੈਰ-ਮੌਜੂਦਗੀ ਵਿਚ ਕੇਸ ਨੂੰ ਸਾਬਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।’’
ਭਾਰਤ ’ਚ ਇਸ ਨੂੰ ਰੋਕਣ ਲਈ ਇਕ ਕਾਨੂੰਨ ’ਤੇ 2013 ਤੋਂ ਕੰਮ ਚਲ ਰਿਹਾ ਹੈ। ਖੇਡ ਭ੍ਰਿਸ਼ਟਾਚਾਰ ਰੋਕੂ ਬਿਲ (2013) ਲੋਕ ਸਭਾ ਵਿਚ 2018 ’ਚ ਪੇਸ਼ ਕੀਤਾ ਗਿਆ ਸੀ ਅਤੇ ਫਿਕਸਿੰਗ ਸਮੇਤ ਖੇਡ ਧੋਖਾਧੜੀ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਪੰਜ ਸਾਲ ਦੀ ਕੈਦ ਅਤੇ 10 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਸੀ। ਇਹ ਬਿਲ ਜਸਟਿਸ (ਸੇਵਾਮੁਕਤ) ਮੁਕੁਲ ਮੁਦਗਲ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਮੈਚ ਫਿਕਸਿੰਗ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਮੰਨਿਆ ਗਿਆ ਸੀ। ਇਸ ਨੇ ‘ਪਬਲਿਕ ਗੈਂਬਲਿੰਗ ਐਕਟ 1867’ ਦੀ ਥਾਂ ਲੈਣੀ ਸੀ, ਜਿਸ ਤਹਿਤ ਸੱਟੇਬਾਜ਼ੀ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਿਰਫ 200 ਰੁਪਏ ਜੁਰਮਾਨਾ ਜਾਂ ਤਿੰਨ ਮਹੀਨੇ ਦੀ ਕੈਦ ਹੋ ਸਕਦੀ ਹੈ।
ਸ਼੍ਰੀਸੰਤ ਮੁੱਖ ਧਾਰਾ ’ਚ ਵਾਪਸ ਆ ਗਏ ਹਨ ਅਤੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਕੇਰਲ ਲਈ ਰਣਜੀ ਟਰਾਫੀ ਵੀ ਖੇਡੀ ਹੈ। ਉਹ ਹੁਣ ਵੱਖ-ਵੱਖ ਲੀਜੈਂਡਜ਼ ਲੀਗ ’ਚ ਵਿਖਾਈ ਦਿੰਦੇ ਹਨ ਅਤੇ ਵੱਖ-ਵੱਖ ਪ੍ਰਸਾਰਣ ਮੰਚਾਂ ’ਤੇ ਇਕ ਮਾਹਰ ਵਜੋਂ ਰਾਏ ਵੀ ਦਿੰਦੇ ਹਨ।
ਨੀਰਜ ਨੇ ਖੇਡ ਵਿਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਅਪਣੇ ਤਜ਼ਰਬਿਆਂ ਬਾਰੇ ਕਿਤਾਬ ‘ਏ ਕਾਪ ਇਨ ਕ੍ਰਿਕੇਟ’ ਲਿਖੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਹਾਈ ਕੋਰਟ ਵਿਚ ਮੁੜ ਖੋਲ੍ਹਿਆ ਗਿਆ ਕੇਸ ਅਪਣੇ ਤਰਕਪੂਰਨ ਸਿੱਟੇ ’ਤੇ ਪਹੁੰਚੇਗਾ। ਉਨ੍ਹਾਂ ਕਿਹਾ, ‘‘ਅਸੀਂ ਉਸ ਹੁਕਮ ਨੂੰ ਚੁਨੌਤੀ ਦਿਤੀ ਹੈ ਅਤੇ ਇਹ ਹੁਣ ਦਿੱਲੀ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਸ਼ੁਰੂ ਵਿਚ ਕੋਵਿਡ ਕਾਰਨ ਇਸ ਵਿਚ ਜ਼ਿਆਦਾ ਤਰੱਕੀ ਨਹੀਂ ਹੋਈ ਪਰ ਹੁਣ ਕੁੱਝ ਸੁਣਵਾਈਆਂ ਹੋਈਆਂ ਹਨ ਅਤੇ ਜੇਕਰ ਹੁਕਮ ਉਲਟ ਜਾਂਦਾ ਹੈ ਤਾਂ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਸਬੂਤ ਹਨ।’’
ਨੀਰਜ ਨੂੰ ਇਹ ਵੀ ਲਗਦਾ ਹੈ ਕਿ 2000 ਦੇ ਘਪਲੇ ’ਚ ਫਸੇ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਵਿਰੁਧ ਕੇਸ ‘ਪੂਰਾ ਨਹੀਂ ਹੋਣ ਦਿਤਾ ਗਿਆ’। ਜਸਟਿਸ ਮੁਦਗਲ ਕਮੇਟੀ ਵਲੋਂ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਗਏ ਨਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਜੇਕਰ ਅਜ਼ਹਰੂਦੀਨ ਕੇਸ ਨੂੰ ਅਪਣੇ ਤਰਕਪੂਰਨ ਸਿੱਟੇ ’ਤੇ ਪਹੁੰਚਣ ਦਿਤਾ ਜਾਂਦਾ ਤਾਂ ਕੁੱਝ ਬਹੁਤ ਵੱਡੇ ਨਾਵਾਂ ਦਾ ਪਰਦਾਫਾਸ਼ ਹੋ ਜਾਣਾ ਸੀ ਪਰ ਉਸ ਦੀ ਵੀ ਇਜਾਜ਼ਤ ਨਹੀਂ ਦਿਤੀ ਗਈ। ਖੇਡਾਂ, ਖਾਸ ਕਰ ਕੇ ਕ੍ਰਿਕਟ ਵਿਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਿਚ ਗੰਭੀਰਤਾ ਦੀ ਘਾਟ ਹੈ। ਵੱਡੇ-ਵੱਡੇ ਨਾਂ ਸਾਹਮਣੇ ਆਏ, ਉਨ੍ਹਾਂ ਨੂੰ ਸੀਲਬੰਦ ਲਿਫਾਫੇ ’ਚ ਪਾ ਦਿਤਾ ਗਿਆ ਅਤੇ ਇਹ ਅਜੇ ਵੀ ਸੁਪਰੀਮ ਕੋਰਟ ’ਚ ਸੀਲ ਹੈ।’’
(For more news apart from Cricketer Sreesanth involved in match-fixing case in IPL 2013, Survived due to legal loopholes News in Punjabi, stay tuned to Rozana Spokesman)