
ਨਮਨ ਦੇ ਪਿਤਾ 'ਤੇ ਬੈਂਕ ਮੈਨੇਜਰ ਰਹਿੰਦਿਆਂ 1.25 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਹਨ।
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਨਮਨ ਓਝਾ ਦੇ ਪਿਤਾ ਵੀਕੇ ਓਝਾ ਨੂੰ ਸੋਮਵਾਰ ਨੂੰ ਮੁਲਤਾਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਨਮਨ ਦੇ ਪਿਤਾ 'ਤੇ ਬੈਂਕ ਮੈਨੇਜਰ ਰਹਿੰਦਿਆਂ 1.25 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਹਨ। ਮੁਲਤਾਈ ਪੁਲਿਸ ਨੇ ਸੋਮਵਾਰ ਨੂੰ ਵੀਕੇ ਓਝਾ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਸ ਦੌਰਾਨ ਨਮਨ ਓਝਾ ਵੀ ਥਾਣੇ ਵਿਚ ਮੌਜੂਦ ਸਨ। ਉਹਨਾਂ ਨੇ ਆਪਣੇ ਪਿਤਾ ਦੀ ਜ਼ਮਾਨਤ ਦੀ ਕੋਸ਼ਿਸ਼ ਕੀਤੀ, ਪਰ ਜ਼ਮਾਨਤ ਨਹੀਂ ਮਿਲੀ।
ਦਰਅਸਲ 2013 'ਚ ਬੈਂਕ ਆਫ ਮਹਾਰਾਸ਼ਟਰ ਦੀ ਜੌਲਖੇੜਾ ਬ੍ਰਾਂਚ 'ਚ ਕਰੀਬ 1.25 ਕਰੋੜ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ 2014 ਵਿਚ ਉਸ ਸਮੇਂ ਦੇ ਮੈਨੇਜਰ ਨਮਨ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵੀਕੇ ਓਝਾ 2014 ਵਿਚ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਸਨ। ਪੁਲਿਸ ਪਿਛਲੇ ਅੱਠ ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਖ਼ਿਲਾਫ਼ ਧਾਰਾ 409, 420, 467, 468, 471, 120ਬੀ, 34 ਅਤੇ ਆਈਟੀ ਐਕਟ ਦੀਆਂ ਧਾਰਾਵਾਂ 65,66 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਸੋਮਵਾਰ ਨੂੰ ਵੀਕੇ ਓਝਾ ਨੂੰ ਵੀ ਗ੍ਰਿਫਤਾਰ ਕਰ ਲਿਆ।