
Brij Bhushan: ਜੇ ਵਿਨੇਸ਼ ‘ਦੇਸ਼ ਦੀ ਧੀ’ ਤੋਂ ‘ਕਾਂਗਰਸ ਦੀ ਧੀ’ ਬਣਨਾ ਚਾਹੁੰਦੀ ਹੈ ਤਾਂ ਸਾਨੂੰ ਕੀ ਇਤਰਾਜ਼ ਹੋ ਸਕਦੈ : ਬ੍ਰਿਜ
Brij Bhushan: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁਕਰਵਾਰ ਨੂੰ ਭਲਵਾਨ ਵਿਨੇਸ਼ ਫੋਗਾਟ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਮਹਿਲਾ ਭਲਵਾਨਾਂ ਦਾ ਉਨ੍ਹਾਂ ਵਿਰੁਧ ਅੰਦੋਲਨ ਕਾਂਗਰਸ ਸਪਾਂਸਰਡ ਸੀ।
ਗੋਂਡਾ ਦੇ ਡੁਮਰੀਆਡੀਹ ਦੇ ਇਕ ਨਿੱਜੀ ਸਕੂਲ ’ਚ ਸਮਾਰਟਫੋਨ ਵੰਡ ਪ੍ਰੋਗਰਾਮ ’ਚ ਬੋਲਦੇ ਹੋਏ ਸਾਬਕਾ ਸੰਸਦ ਮੈਂਬਰ ਨੇ ਕਿਹਾ, ‘‘ਜਦੋਂ ਮਹਿਲਾ ਭਲਵਾਨਾਂ ਨੇ ਮੇਰੇ ’ਤੇ ਦੋਸ਼ ਲਗਾਏ ਸਨ ਤਾਂ ਮੈਂ ਕਿਹਾ ਸੀ ਕਿ ਇਹ ਕਾਂਗਰਸ ਦੀ ਸਾਜ਼ਸ਼ ਹੈ। ਹਰਿਆਣਾ ਦੇ ਵੱਡੇ ਨੇਤਾ ਦੀਪੇਂਦਰ ਹੁੱਡਾ ਅਤੇ ਭੁਪਿੰਦਰ ਸਿੰਘ ਹੁੱਡਾ ਸਾਡੇ ਵਿਰੁਧ ਸਾਜ਼ਸ਼ ਰਚ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਪਹਿਲੇ ਦਿਨ ਜੋ ਕਿਹਾ ਸੀ, ਉਸ ’ਤੇ ਕਾਇਮ ਹਾਂ ਅਤੇ ਅੱਜ ਪੂਰਾ ਦੇਸ਼ ਇਕੋ ਗੱਲ ਕਹਿ ਰਿਹਾ ਹੈ।
ਹੁਣ ਮੈਨੂੰ ਇਸ ਬਾਰੇ ਜ਼ਿਆਦਾ ਕੁੱਝ ਕਹਿਣ ਦੀ ਲੋੜ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਇਸ ਮਾਮਲੇ ’ਤੇ ਜ਼ਿਆਦਾ ਨਹੀਂ ਬੋਲਾਂਗਾ, ਨਹੀਂ ਤਾਂ ਮਾਮਲਾ ਤੁਰਤ ਹਰਿਆਣਾ ਪਹੁੰਚ ਜਾਵੇਗਾ। ਇਸ ਸਮੇਂ ਪੂਰਾ ਦੇਸ਼ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਇਸ ਮੁੱਦੇ ’ਤੇ ਬੋਲਣ ਦੀ ਉਡੀਕ ਕਰ ਰਿਹਾ ਹੈ।’’
ਉਨ੍ਹਾਂ ਦਾਅਵਾ ਕੀਤਾ, ‘‘ਇਸ ਘਟਨਾ ਤੋਂ ਪਹਿਲਾਂ ਕੋਈ ਵੀ ਮੇਰੇ ਨਾਲ ਸੈਲਫੀ ਨਹੀਂ ਲੈਂਦਾ ਸੀ। ਹੁਣ ਇਸ ਘਟਨਾ ਤੋਂ ਬਾਅਦ ਹੀਰੋ ਵੀ ਸੈਲਫੀ ਲੈਂਦੇ ਹਨ, ਹੀਰੋਇਨਾਂ ਵੀ ਸੈਲਫੀ ਲੈਂਦੀਆਂ ਹਨ, ਸੰਤ ਵੀ ਸੈਲਫੀ ਲੈ ਰਹੇ ਹਨ।’’ ਬ੍ਰਿਜ ਭੂਸ਼ਣ ਸੰਬੋਧਨ ਦੌਰਾਨ ਸਟੇਜ ’ਤੇ ਭਾਵੁਕ ਹੋ ਗਏ।