
ਹਰਮਨਪ੍ਰੀਤ ਲਗਾਤਾਰ ਪੁਰਸ਼ ਵਰਗ 'ਚ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਣ ਵਾਲੇ ਚੌਥੇ ਖਿਡਾਰੀ ਹਨ।
ਨਵੀਂ ਦਿੱਲੀ: ਭਾਰਤ ਦੇ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਲਗਾਤਾਰ ਦੂਜੀ ਵਾਰ ਪੁਰਸ਼ ਵਰਗ ਵਿਚ ਐਫਆਈਐਚ ਪਲੇਅਰ ਆਫ ਦਿ ਈਅਰ ਐਵਾਰਡ ਜਿੱਤਿਆ ਹੈ। ਹਰਮਨਪ੍ਰੀਤ ਲਗਾਤਾਰ ਪੁਰਸ਼ ਵਰਗ 'ਚ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਣ ਵਾਲੇ ਚੌਥੇ ਖਿਡਾਰੀ ਹਨ। ਇਸ ਤਰ੍ਹਾਂ ਉਹ ਨੀਦਰਲੈਂਡ ਦੇ ਟਿਊਏਨ ਡੀ ਨੂਜ਼ੀਅਰ, ਆਸਟ੍ਰੇਲੀਆ ਦੇ ਜੈਮੀ ਡਵਾਇਰ ਅਤੇ ਬੈਲਜੀਅਮ ਦੇ ਆਰਥਰ ਵੈਨ ਡੋਰੇਨ ਨਾਲ ਇਸ ਐਲੀਟ ਸੂਚੀ 'ਚ ਸ਼ਾਮਲ ਹੋ ਗਏ ਹਨ।
ਐਫਆਈਐਚ ਨੇ ਇਕ ਬਿਆਨ ਵਿਚ ਕਿਹਾ, “ਹਰਮਨਪ੍ਰੀਤ ਆਧੁਨਿਕ ਸਮੇਂ ਦੇ ਹਾਕੀ ਸੁਪਰਸਟਾਰ ਹਨ। ਉਹ ਇਕ ਸ਼ਾਨਦਾਰ ਡਿਫੈਂਡਰ ਹੈ ਜਿਸ ਵਿਚ ਵਿਰੋਧੀ ਨੂੰ ਹੇਠਾਂ ਉਤਾਰਨ ਲਈ ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਪਹੁੰਚਣ ਦੀ ਸਮਰੱਥਾ ਹੈ”। ਇਸ ਵਿਚ ਅੱਗੇ ਕਿਹਾ ਗਿਆ ਹੈ, "ਉਸ ਦੀ 'ਡ੍ਰਾਇਬਲਿੰਗ' ਸਮਰੱਥਾ ਸ਼ਾਨਦਾਰ ਹੈ। ਉਹ ਕਈ ਗੋਲ ਵੀ ਕਰਦਾ ਹੈ। ਉਸ ਨੂੰ ਹੁਣ ਲਗਾਤਾਰ ਦੂਜੇ ਸਾਲ ਐਫਆਈਐਚ ਦੇ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ”।
ਹਰਮਨਪ੍ਰੀਤ (26 ਸਾਲ) ਨੇ ਕੁੱਲ 29.4 ਅੰਕ, ਉਸ ਤੋਂ ਬਾਅਦ ਥੀਏਰੀ ਬ੍ਰਿੰਕਮੈਨ ਨੇ 23.6 ਅਤੇ ਟੌਮ ਬੂਨ ਨੇ 23.4 ਅੰਕ ਹਾਸਲ ਕੀਤੇ। ਭਾਰਤੀ ਉਪ-ਕਪਤਾਨ ਹਰਮਨਪ੍ਰੀਤ ਨੇ ਐਫਆਈਐਚ ਹਾਕੀ ਪ੍ਰੋ ਲੀਗ 2021-22 ਵਿਚ ਦੋ ਹੈਟ੍ਰਿਕਾਂ ਸਮੇਤ 16 ਮੈਚਾਂ ਵਿਚ 18 ਗੋਲ ਕੀਤੇ ਹਨ। ਇਹਨਾਂ 18 ਗੋਲਾਂ ਦੇ ਨਾਲ ਉਹ ਸੀਜ਼ਨ ਦੇ ਅੰਤ ਵਿਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਰਿਹਾ ਅਤੇ ਪ੍ਰੋ ਲੀਗ ਦੇ ਇਕ ਸੀਜ਼ਨ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਦਰਜ ਕੀਤੀ ਹੈ।
ਹਰਮਨਪ੍ਰੀਤ ਨੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਲਈ ਵੀ ਅਹਿਮ ਭੂਮਿਕਾ ਨਿਭਾਈ। ਮਹਿਲਾ ਵਰਗ ਵਿਚ ਨੀਦਰਲੈਂਡ ਦੀ ਫੇਲਿਸ ਐਲਬਰਸ (22 ਸਾਲ) ਨੂੰ ਐਫਆਈਐਚ ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।