
ਮੈਚ ਅਧਿਕਾਰੀਆਂ ਨੇ ਬਿਹਤਰ ਰੈਂਕਿੰਗ ਕਾਰਨ ਭਾਰਤ ਨੂੰ ਦਿਤਾ ਗੋਲਡ
ਨਵੀਂ ਦਿੱਲੀ : ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਇਤਿਹਾਸ ਰਚਦਿਆਂ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫਾਈਨਲ ਮੈਚ ਵਿਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਦੀ ਟੀਮ ਨਾਲ ਹੋਇਆ। ਅਫਗਾਨ ਟੀਮ ਦੀ ਪਾਰੀ ਦੌਰਾਨ ਮੀਂਹ ਪੈਣ ਕਾਰਨ ਖੇਡ ਨਿਰਧਾਰਤ ਸਮੇਂ 'ਤੇ ਮੁੜ ਸ਼ੁਰੂ ਨਹੀਂ ਹੋ ਸਕੀ। ਇਸ ਤੋਂ ਬਾਅਦ ਮੈਚ ਅਧਿਕਾਰੀਆਂ ਨੇ ਬਿਹਤਰ ਰੈਂਕਿੰਗ ਕਾਰਨ ਭਾਰਤ ਨੂੰ ਗੋਲਡ ਦੇਣ ਦਾ ਫੈਸਲਾ ਕੀਤਾ। ਜਦੋਂ ਕਿ ਅਫਗਾਨਿਸਤਾਨ ਦੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।
ਇਹ ਵੀ ਪੜ੍ਹੋ: ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਡਾ. ਜੈਸ਼ੰਕਰ ਨੂੰ ਭਾਰਤ-ਕੈਨੇਡਾ ਸਬੰਧਾਂ 'ਤੇ ਪ੍ਰਗਟਾਈ ਚਿੰਤਾ
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਇਸ ਗੋਲਡ ਮੈਡਲ ਮੈਚ 'ਚ ਲਗਾਤਾਰ ਮੀਂਹ ਦਾ ਪਰਛਾਵਾਂ ਦੇਖਣ ਨੂੰ ਮਿਲਿਆ। ਇਸ ਕਾਰਨ ਮੈਚ ਕਰੀਬ 1 ਘੰਟੇ ਦੀ ਦੇਰੀ ਨਾਲ ਸ਼ੁਰੂ ਹੋ ਸਕਿਆ। ਭਾਰਤੀ ਟੀਮ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਫਗਾਨ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਜਿਸ 'ਚ ਉਸ ਨੇ ਸਿਰਫ 12 ਦੇ ਸਕੋਰ 'ਤੇ ਆਪਣੀਆਂ ਪਹਿਲੀਆਂ 3 ਵਿਕਟਾਂ ਗੁਆ ਦਿੱਤੀਆਂ। ਇੱਥੋਂ ਸ਼ਾਹਿਦੁੱਲਾ ਕਮਾਲ ਨੇ ਇੱਕ ਸਿਰੇ ਤੋਂ ਪਾਰੀ ਨੂੰ ਸੰਭਾਲਦਿਆਂ ਦੌੜਾਂ ਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਨੌਜਵਾਨ ਨੂੰ ਪਏ ਚੋਰ, ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
ਜਦੋਂ ਅਫਗਾਨਿਸਤਾਨ ਦੀ ਟੀਮ ਨੇ 18.2 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਹਾਲਾਂਕਿ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ ਅਤੇ ਭਾਰਤੀ ਟੀਮ ਨੂੰ ਉਸ ਦੀ ਬਿਹਤਰ ਰੈਂਕਿੰਗ ਅਨੁਸਾਰ ਸੋਨ ਤਗਮਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਗ਼ਮਾ ਜਿੱਤਿਆ ਸੀ, ਜਦੋਂ ਉਸ ਨੇ ਫਾਈਨਲ ਮੈਚ ਵਿੱਚ ਸ੍ਰੀਲੰਕਾ ਦੀ ਟੀਮ ਨੂੰ ਹਰਾਇਆ ਸੀ।