
30 ਸਾਲਾਂ ਬਾਅਦ ਜਿੱਤਿਆ ਪਹਿਲਾ ਘਰੇਲੂ ਖਿਤਾਬ
2023 Syed Mushtaq Ali Trophy Final ਪੰਜਾਬ ਨੇ ਬੜੌਦਾ ਨੂੰ 20 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਸਈਅਦ ਮੁਸ਼ਤਾਕ ਅਲੀ ਟਰਾਫੀ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਪੰਜਾਬ ਨੇ ਟੂਰਨਾਮੈਂਟ ਦੇ ਇਤਿਹਾਸ ਵਿਚ ਚਾਰ ਫਾਈਨਲ ਖੇਡੇ ਹਨ ਅਤੇ ਚਾਰੋਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਦੇ ਅਨਮੋਲਪ੍ਰੀਤ ਸਿੰਘ ਨੇ ਸੋਮਵਾਰ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ 58 ਗੇਂਦਾਂ 'ਚ ਸੈਂਕੜਾ ਲਗਾਇਆ। ਉਸ ਨੇ 61 ਗੇਂਦਾਂ ਵਿਚ 10 ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਉਸ ਦੇ ਸੈਂਕੜੇ ਦੀ ਬਦੌਲਤ ਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਫਾਈਨਲ ਵਿਚ ਚਾਰ ਵਿਕਟਾਂ ’ਤੇ 223 ਦੌੜਾਂ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਸਕੋਰ ਬਣਾਇਆ। ਪੰਜਾਬ ਨੇ 30 ਸਾਲਾਂ ਬਾਅਦ ਪਹਿਲਾ ਘਰੇਲੂ ਖਿਤਾਬ ਜਿੱਤਿਆ ਹੈ।
ਇਹ ਸਈਅਦ ਮੁਸ਼ਤਾਕ ਅਲੀ ਟਰਾਫੀ ਫਾਈਨਲ ਵਿਚ ਪੰਜਾਬ ਦੇ ਕਿਸੇ ਬੱਲੇਬਾਜ਼ ਦਾ ਸੱਭ ਤੋਂ ਵੱਧ ਸਕੋਰ ਸੀ ਅਤੇ ਟੂਰਨਾਮੈਂਟ ਵਿਚ ਕੁੱਲ ਚੌਥਾ ਸੱਭ ਤੋਂ ਵੱਡਾ ਸਕੋਰ ਸੀ। ਟੂਰਨਾਮੈਂਟ ਵਿਚ ਸੂਬੇ ਵਲੋਂ ਸੱਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਸ਼ੁਭਮਨ ਗਿੱਲ ਦੇ ਨਾਂਅ ਹੈ। ਅਨਮੋਲਪ੍ਰੀਤ ਦੋ ਵਿਕਟਾਂ 'ਤੇ 18 ਦੌੜਾਂ 'ਤੇ ਬੱਲੇਬਾਜ਼ੀ ਕਰਨ ਲਈ ਆਏ ਅਤੇ ਸ਼ੁਰੂਆਤ 'ਚ ਕਪਤਾਨ ਮਨਦੀਪ ਸਿੰਘ ਨਾਲ ਪਾਰੀ ਨੂੰ ਅੱਗੇ ਵਧਾਇਆ ਅਤੇ 62 ਦੌੜਾਂ ਦੀ ਸਾਂਝੇਦਾਰੀ ਕੀਤੀ।
ਬੜੌਦਾ ਦੇ ਕਪਤਾਨ ਕਰੁਣਾਲ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ 'ਚ ਚਾਰ ਵਿਕਟਾਂ 'ਤੇ 223 ਦੌੜਾਂ ਦਾ ਵੱਡਾ ਸਕੋਰ ਬਣਾਇਆ। ਅਨਮੋਲ ਨੇ 61 ਗੇਂਦਾਂ ਦੀ ਅਪਣੀ ਪਾਰੀ 'ਚ 10 ਚੌਕੇ ਅਤੇ 6 ਛੱਕੇ ਲਗਾਏ, ਜਦਕਿ ਨਿਹਾਲ ਨੇ 27 ਗੇਂਦਾਂ ਦੀ ਅਪਣੀ ਪਾਰੀ 'ਚ 6 ਚੌਕੇ ਅਤੇ 4 ਛੱਕੇ ਲਗਾਏ। ਇਕ ਸਮੇਂ ਪੰਜਾਬ ਦੀਆਂ ਦੋ ਵਿਕਟਾਂ 18 ਤੇ ਤਿੰਨ ਵਿਕਟਾਂ 80 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਪਰ ਅਨਮੋਲ ਅਤੇ ਨਿਹਾਲ ਨੇ ਚੌਥੀ ਵਿਕਟ ਲਈ 138 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਾਇਆ।
ਬੜੌਦਾ ਲਈ ਕਰੁਣਾਲ ਪੰਡਯਾ, ਸੋਯਾਬ ਅਤੇ ਅਤੀਤ ਨੇ ਇਕ-ਇਕ ਵਿਕਟ ਹਾਸਲ ਕੀਤੀ। ਜਵਾਬ 'ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (23 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੇ ਬੜੌਦਾ ਨੂੰ 20 ਓਵਰਾਂ 'ਚ ਸੱਤ ਵਿਕਟਾਂ 'ਤੇ 203 ਦੌੜਾਂ 'ਤੇ ਰੋਕ ਕੇ ਜਿੱਤ ਹਾਸਲ ਕੀਤੀ। ਅਰਸ਼ਦੀਪ ਨੇ 19ਵੇਂ ਓਵਰ ਵਿਚ ਤਿੰਨ ਵਿਕਟਾਂ ਲੈ ਕੇ ਮੈਚ ਨੂੰ ਅਪਣੀ ਟੀਮ ਦੇ ਹੱਕ ਵਿਚ ਕਰ ਦਿੱਤਾ। ਬੜੌਦਾ ਲਈ ਅਭਿਮਨਿਊ ਸਿੰਘ ਰਾਜਪੂਤ (61) ਨੇ ਸੱਭ ਤੋਂ ਵੱਧ ਦੌੜਾਂ ਬਣਾਈਆਂ।
ਖਿਡਾਰੀਆਂ ਨੂੰ BCCI ਦੇ ਬਰਾਬਰ 80 ਲੱਖ ਰੁਪਏ ਦਾ ਚੈੱਕ ਦੇਵੇਗਾ PCA
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਟੀਮ ਨੂੰ ਜਿੱਤ ਦੀ ਵਧਾਈ ਦਿਤੀ ਅਤੇ ਕਿਹਾ ਕਿ ਬੀਸੀਸੀਆਈ ਨੇ ਖਿਡਾਰੀਆਂ ਨੂੰ 80 ਲੱਖ ਰੁਪਏ ਦਾ ਚੈੱਕ ਦਿਤਾ ਹੈ ਅਤੇ ਪੀਸੀਏ ਵੀ ਅਪਣੇ ਖਿਡਾਰੀਆਂ ਨੂੰ ਬਰਾਬਰ ਇਨਾਮ ਦੇਵੇਗਾ।