
ਉਹਨਾਂ ਕਿਹਾ ਕਿ ਜੇ ਸੋਨ ਤਮਗ਼ਾ ਮਿਲਦਾ ਤਾਂ ਜ਼ਿਆਦਾ ਖ਼ੁਸ਼ੀ ਹੁੰਦੀ ਪਰ ਮੈਂ ਸੰਤੁਸ਼ਟ ਹਾਂ ਕਿ ਅਸੀਂ ਕੁਝ ਹਾਸਲ ਕਰਕੇ ਜਾ ਰਹੇ ਹਾਂ।
ਬਰਮਿੰਘਮ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਖ਼ਿਤਾਬੀ ਮੈਚ ਵਿਚ ਆਸਟਰੇਲੀਆ ਹੱਥੋਂ ਮਿਲੀ ਹਾਰ ਮਗਰੋਂ ਕਿਹਾ ਕਿ ਟੀਮ ਨੂੰ ਫਾਈਨਲ ਵਿਚ ਲਗਾਤਾਰ ਇਕੋ ਜਿਹੀਆਂ ਗ਼ਲਤੀਆਂ ਦੁਹਰਾਉਣ ਤੋਂ ਬਚਣਾ ਹੋਵੇਗਾ। ਉਹਨਾਂ ਕਿਹਾ ਕਿ ਜੇ ਸੋਨ ਤਮਗ਼ਾ ਮਿਲਦਾ ਤਾਂ ਜ਼ਿਆਦਾ ਖ਼ੁਸ਼ੀ ਹੁੰਦੀ ਪਰ ਮੈਂ ਸੰਤੁਸ਼ਟ ਹਾਂ ਕਿ ਅਸੀਂ ਕੁਝ ਹਾਸਲ ਕਰਕੇ ਜਾ ਰਹੇ ਹਾਂ।
ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ ਜਿਸ ਵਿਚ ਭਾਰਤੀ ਟੀਮ ਕੋਲ ਸੋਨ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਸੀ। ਭਾਰਤ ਹਾਲਾਂਕਿ ਫਾਈਨਲ ਵਿਚ ਫਿਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਆਸਟਰੇਲੀਆ ਤੋਂ 9 ਦੌੜਾਂ ਨਾਲ ਹਾਰ ਗਿਆ। ਇਸ ਮੈਚ 'ਚ ਵੀ ਭਾਰਤੀ ਬੱਲੇਬਾਜ਼ੀ ਉਸੇ ਤਰ੍ਹਾਂ ਫਿੱਕੀ ਪੈ ਗਈ, ਜਿਸ ਤਰ੍ਹਾਂ 2020 'ਚ ਆਸਟ੍ਰੇਲੀਆ ਖਿਲਾਫ਼ ਟੀ-20 ਵਿਸ਼ਵ ਕੱਪ ਅਤੇ 2017 'ਚ ਇੰਗਲੈਂਡ ਖਿਲਾਫ਼ ਵਨਡੇ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲੀ ਸੀ। ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ, ''ਹਰ ਵਾਰ ਵੱਡੇ ਫਾਈਨਲ 'ਚ ਅਸੀਂ (ਬੱਲੇਬਾਜ਼ੀ ਨਾਲ) ਉਹੀ ਗਲਤੀਆਂ ਲਗਾਤਾਰ ਦੁਹਰਾ ਰਹੇ ਹਾਂ। ਇਹ ਉਹ ਚੀਜ਼ ਹੈ ਜਿਸ ਵਿਚ ਸਾਨੂੰ ਸੁਧਾਰ ਕਰਨਾ ਪਵੇਗਾ।"
ਹਰਮਨਪ੍ਰੀਤ ਨੇ ਕਿਹਾ, ''ਮੈਂ ਹਮੇਸ਼ਾ ਵਾਧੂ ਬੱਲੇਬਾਜ਼ ਦੀ ਤਲਾਸ਼ 'ਚ ਰਹਿੰਦੀ ਹਾਂ। ਫਿਲਹਾਲ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਇਕ ਵਾਰ ਜਦੋਂ ਅਸੀਂ ਇਹ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਬੱਲੇਬਾਜ਼ੀ ਦੇ ਪਤਨ ਤੋਂ ਉਭਰ ਸਕਾਂਗੇ।'' ਉਹਨਾਂ ਕਿਹਾ, ''ਦੋ ਵਿਕਟਾਂ ਗੁਆਉਣ ਤੋਂ ਬਾਅਦ ਜਿਸ ਤਰ੍ਹਾਂ ਮੈਂ ਅਤੇ ਜੇਮਿਮਾ ਨੇ ਬੱਲੇਬਾਜ਼ੀ ਕੀਤੀ, ਉਹ ਸਮੇਂ ਦੀ ਲੋੜ ਸੀ। ਤੁਹਾਨੂੰ ਸ਼ਾਂਤੀ ਨਾਲ ਖੇਡਣ ਦੀ ਲੋੜ ਸੀ। ਅਸੀਂ ਅਸਲ ਵਿਚ ਟੀਚੇ ਦੇ ਨੇੜੇ ਸੀ। ਕਈ ਵਾਰ ਕੁਝ ਚੀਜ਼ਾਂ ਤੁਹਾਡੇ ਕੰਟਰੋਲ ਵਿਚ ਨਹੀਂ ਹੁੰਦੀਆਂ। ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ।”
ਭਾਰਤ ਭਾਵੇਂ ਹੀ ਫਾਈਨਲ ਵਿਚ ਹਾਰ ਗਿਆ ਹੋਵੇ ਪਰ ਹਰਮਨਪ੍ਰੀਤ ਰਾਸ਼ਟਰਮੰਡਲ ਖੇਡਾਂ ਦੌਰਾਨ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਹੈ। ਭਾਰਤੀ ਕਪਤਾਨ ਨੇ ਕਿਹਾ, ''ਮੈਂ ਜਾਣਦੀ ਹਾਂ ਕਿ ਅਸੀਂ ਸੋਨ ਤਮਗਾ ਜਿੱਤਣ ਦੇ ਨੇੜੇ ਸੀ ਪਰ ਕੁੱਲ ਮਿਲਾ ਕੇ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਸੀਂ ਪਹਿਲੀ ਵਾਰ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਕ ਟੀਮ ਵਜੋਂ ਅਸੀਂ ਨੌਜਵਾਨ ਕੁੜੀਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ”।