ਆਪਣੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਏਬਡੇਨ ਨਾਲ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਪਹੁੰਚੇ
ਨਵੀਂ ਦਿੱਲੀ - ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਯੂਐਸ ਓਪਨ ਵਿਚ ਇਤਿਹਾਸ ਰਚ ਦਿੱਤਾ ਹੈ। ਬੋਪੰਨਾ ਆਪਣੇ ਆਸਟਰੇਲਿਆਈ ਜੋੜੀਦਾਰ ਮੈਥਿਊ ਏਬਡੇਨ ਦੇ ਨਾਲ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਪਹੁੰਚੇ। ਇਸ ਜੋੜੀ ਨੇ ਵੀਰਵਾਰ ਨੂੰ ਨਿਊਯਾਰਕ ਵਿਚ ਪਿਏਰੇ-ਹਿਊਗਸ ਹਰਬਰਟ ਅਤੇ ਨਿਕੋਲਸ ਮਾਹੁਤ ਦੀ ਫਰਾਂਸੀਸੀ ਜੋੜੀ ਨੂੰ 7-6 (7-3), 6-2 ਨਾਲ ਹਰਾਇਆ।
ਇਸ ਸਾਲ ਗਰੈਂਡ ਸਲੈਮ ਪੁਰਸ਼ ਡਬਲਜ਼ ਮੁਕਾਬਲੇ ਵਿਚ ਬੋਪੰਨਾ ਦਾ ਇਹ ਦੂਜਾ ਫਾਈਨਲ ਹੋਵੇਗਾ। ਛੇਵਾਂ ਦਰਜਾ ਪ੍ਰਾਪਤ ਭਾਰਤ-ਆਸਟ੍ਰੇਲੀਆ ਦੀ ਜੋੜੀ ਨੇ ਵੀ ਵਿੰਬਲਡਨ ਦੇ ਫਾਈਨਲ ਵਿਚ ਥਾਂ ਬਣਾਈ ਸੀ। ਹਾਲਾਂਕਿ, ਉਸ ਸਮੇਂ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਨੇ ਫਾਈਨਲ ਵਿਚ ਪਹੁੰਚ ਕੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਓਪਨ ਯੁੱਗ (1968 ਤੋਂ) ਵਿਚ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ। ਉਸ ਨੇ ਕੈਨੇਡਾ ਦੇ ਡੇਨੀਅਲ ਨੇਸਟਰ ਦਾ ਰਿਕਾਰਡ ਤੋੜ ਦਿੱਤਾ। ਬੋਪੰਨਾ 43 ਸਾਲ ਛੇ ਮਹੀਨੇ ਦੀ ਉਮਰ ਵਿਚ ਫਾਈਨਲ ਵਿਚ ਪਹੁੰਚਿਆ ਹੈ। ਇਸ ਦੇ ਨਾਲ ਹੀ ਨੇਸਟਰ ਨੇ 43 ਸਾਲ ਚਾਰ ਮਹੀਨੇ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।