
ਖਿਡਾਰੀਆਂ ਨੇ ਹੜ੍ਹ ਪੀੜਤਾਂ ਨਾਲ ਜਤਾਈ ਹਮਦਰਦੀ
ਭਾਰਤ ਦੇ ਰਾਜਗੀਰ ਵਿਖੇ ਖੇਡੇ ਗਏ ਪੁਰਸ਼ਾਂ ਦੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਆਪਣਾ ਚੌਥਾ ਏਸ਼ੀਆ ਕੱਪ ਖਿਤਾਬ ਜਿੱਤਿਆ, ਸਗੋਂ ਅਗਲੇ ਸਾਲ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ FIH ਹਾਕੀ ਵਿਸ਼ਵ ਕੱਪ ਲਈ ਸਿੱਧੀ ਕੁਆਲੀਫਿਕੇਸ਼ਨ ਵੀ ਹਾਸਲ ਕਰ ਲਈ। ਭਾਰਤ ਨੇ ਇਸ ਤੋਂ ਪਹਿਲਾਂ ਇਹ ਟੂਰਨਾਮੈਂਟ 2003, 2007 ਅਤੇ 2017 ਵਿੱਚ ਜਿੱਤਿਆ ਸੀ।
ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਾਵੀ ਰਹਿੰਦਿਆਂ ਵਿਰੋਧੀ ਟੀਮ ਨੂੰ ਕੋਈ ਵੱਡਾ ਮੌਕਾ ਨਹੀਂ ਦਿੱਤਾ। ਭਾਰਤੀ ਖਿਡਾਰੀਆਂ ਦੇ ਅਟੈਕ ਅਤੇ ਡਿਫੈਂਸ ਦੋਵੇਂ ਮਜ਼ਬੂਤ ਰਹੇ ਜਿਸ ਕਰਕੇ ਦੱਖਣੀ ਕੋਰੀਆ ਸਿਰਫ਼ ਇੱਕ ਗੋਲ ਹੀ ਕਰ ਸਕੀ। ਭਾਰਤੀ ਟੀਮ ਦੀ ਇਸ ਜਿੱਤ ਨੇ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ।
ਵਾਪਸੀ ‘ਤੇ ਜਦੋਂ ਭਾਰਤੀ ਹਾਕੀ ਟੀਮ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ ਤਾਂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਚਾਹੁਣ ਵਾਲਿਆਂ ਨੇ ਖਿਡਾਰੀਆਂ ਨੂੰ ਫੁੱਲਮਾਲਾਵਾਂ ਅਤੇ ਝੰਡਿਆਂ ਨਾਲ ਸਨਮਾਨਿਤ ਕੀਤਾ। ਮੌਕੇ ‘ਤੇ ਖਿਡਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਤੋਂ ਬਾਅਦ ਦੁਬਾਰਾ ਏਸ਼ੀਆ ਕੱਪ ਜਿੱਤਣਾ ਬੇਹੱਦ ਮਾਣ ਵਾਲੀ ਗੱਲ ਹੈ। ਉਹਨਾਂ ਨੇ ਭਰੋਸਾ ਜਤਾਇਆ ਕਿ ਅਗਲੇ ਵਿਸ਼ਵ ਕੱਪ ਵਿੱਚ 50 ਸਾਲਾਂ ਦਾ ਇੰਤਜ਼ਾਰ ਖਤਮ ਕਰਦਿਆਂ ਭਾਰਤ ਕੱਪ ਆਪਣੇ ਨਾਮ ਕਰੇਗਾ।
ਇਸ ਦੌਰਾਨ ਖਿਡਾਰੀਆਂ ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਲਈ ਵੀ ਆਪਣੀ ਹਮਦਰਦੀ ਜਤਾਈ। ਉਹਨਾਂ ਨੇ ਕਿਹਾ ਕਿ ਟੀਮ ਅਤੇ ਖਿਡਾਰੀ ਹਰ ਸੰਭਵ ਤਰੀਕੇ ਨਾਲ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਏਸ਼ੀਆ ਵਿੱਚ ਆਪਣਾ ਦਬਦਬਾ ਬਣਾਇਆ ਹੈ, ਸਗੋਂ ਵਿਸ਼ਵ ਕੱਪ ਲਈ ਵੀ ਨਵੀਆਂ ਉਮੀਦਾਂ ਜਗਾਈਆਂ ਹਨ।