ਹਾਕੀ ਮੈਦਾਨ 'ਚ ਬਣਾ ਦਿੱਤਾ ਗਿਆ ਕੂੜਾ ਨਿਪਟਾਰਾ ਕੇਂਦਰ, ਹੋਰ ਖੇਡ ਮੈਦਾਨ ਹੁਣ ਤੱਕ ਨਹੀਂ ਦਿੱਤਾ
ਇੰਦੌਰ - ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ 'ਚ ਇਨ੍ਹੀਂ ਦਿਨੀਂ ਸੂਬਾ ਸਰਕਾਰ ਵਲੋਂ ਕਰਵਾਈਆਂ ਜਾਣ ਵਾਲੀਆਂ 'ਖੇਲੋ ਇੰਡੀਆ' ਯੁਵਾ ਖੇਡਾਂ ਦੀ ਚਮਕ ਹੈ, ਉੱਥੇ ਹੀ ਦੂਜੇ ਪਾਸੇ ਹਾਕੀ ਨੂੰ ਸਮਰਪਿਤ ਖੇਡ ਮੈਦਾਨ ਦੀ ਅਣਹੋਂਦ ਕਾਰਨ, ਖਿਡਾਰੀਆਂ ਦੀ ਨਵੀਂ ਪਨੀਰੀ ਲੰਮੇ ਸਮੇਂ ਤੋਂ ਇਸ ਖੇਡ ਦੇ ਗੁਰ ਫੁੱਟਪਾਥ ਵਰਗੀ ਜਗ੍ਹਾ 'ਤੇ ਸਿੱਖਣ ਲਈ ਮਜਬੂਰ ਹੈ।
ਇਸ ਦੀ ਵਜ੍ਹਾ ਇਹ ਹੈ ਕਿ ਇਤਿਹਾਸਕ ਹਾਕੀ ਕਲੱਬ ਦੇ ਇਕਲੌਤੇ ਮੈਦਾਨ ਨੂੰ ਸੱਤ ਸਾਲ ਪਹਿਲਾਂ ਐਕਵਾਇਰ ਕਰਕੇ ਕੂੜਾ ਨਿਪਟਾਰਾ ਕੇਂਦਰ ਵਿੱਚ ਬਣਾ ਦਿੱਤਾ ਗਿਆ, ਅਤੇ ਸੂਬਾ ਸਰਕਾਰ ਦੀ ਸ਼ਹਿਰ ਵਿੱਚ ਕਿਸੇ ਹੋਰ ਥਾਂ 'ਤੇ ਨਵਾਂ ਹਾਕੀ ਮੈਦਾਨ ਬਣਾਉਣ ਦੀ ਯੋਜਨਾ ਸਾਲਾਂ ਤੋਂ ਸਿਰੇ ਨਹੀਂ ਚੜ੍ਹ ਸਕੀ।
ਸ਼ਾਹਰੁਖ ਖਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਚੱਕ ਦੇ ਇੰਡੀਆ' (2007) ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਸਾਬਕਾ ਗੋਲਕੀਪਰ ਮੀਰ ਰੰਜਨ ਨੇਗੀ ਇੰਦੌਰ ਵਿੱਚ 1940 ਵਿੱਚ ਸਥਾਪਿਤ ਪ੍ਰਕਾਸ਼ ਹਾਕੀ ਕਲੱਬ ਲਈ ਖੇਡਦੇ ਹੋਏ ਰਾਸ਼ਟਰੀ ਟੀਮ ਵਿੱਚ ਪਹੁੰਚੇ ਸੀ। ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ, ਉਹ ਕਲੱਬ ਦੇ ਬੱਚਿਆਂ ਨੂੰ ਹਾਕੀ ਦੇ ਗੁਰ ਸਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਦੇ ਹਨ।
ਇਨ੍ਹੀਂ ਦਿਨੀਂ ਨੇਗੀ ਨੂੰ ਹਾਕੀ ਖੇਡਣ ਵਾਲੀ ਨਵੀਂ ਪਨੀਰੀ ਨੂੰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਜ਼ਿਲ੍ਹਾ ਜੇਲ੍ਹ ਦੀ ਕੰਧ ਨਾਲ ਲੱਗਦੇ ਇੱਕ ਫੁੱਟਪਾਥ 'ਤੇ ਹਾਕੀ ਦੀ ਸਿਖਲਾਈ ਦਿੰਦੇ ਦੇਖਿਆ ਜਾ ਸਕਦਾ ਹੈ।
ਆਜ਼ਾਦ ਨਗਰ ਖੇਤਰ ਵਿੱਚ ਕਲੱਬ ਦੇ ਹਾਕੀ ਮੈਦਾਨ ਦੀ ਥਾਂ ਇੰਦੌਰ ਨਗਰ ਨਿਗਮ ਦਾ ਕੂੜਾ ਨਿਪਟਾਰਾ ਕੇਂਦਰ ਬਣਾਏ ਜਾਣ ਤੋਂ 65 ਸਾਲਾ ਹਾਕੀ ਖਿਡਾਰੀ ਬਹੁਤ ਦੁਖੀ ਹੈ। ਨੇਗੀ ਨੇ ਦੱਸਿਆ, "ਸਵੱਛਤਾ ਲਈ ਮੁਕਾਬਲਾ ਚੰਗੀ ਗੱਲ ਹੈ, ਪਰ ਇਸ ਮੁਕਾਬਲੇ ਵਿੱਚ ਸਾਡੇ ਖੇਡ ਮੈਦਾਨ ਦੀ ਬਲੀ ਦੇ ਦਿੱਤੀ ਗਈ। ਇਸ ਦੇ ਬਦਲੇ ਸਾਨੂੰ ਕੋਈ ਹੋਰ ਮੈਦਾਨ ਵੀ ਨਹੀਂ ਦਿੱਤਾ ਗਿਆ, ਜਦੋਂ ਕਿ ਅਸੀਂ ਥਾਂ-ਥਾਂ ਤਰਲੇ ਕਰ-ਕਰ ਕੇ ਥੱਕ ਗਏ ਹਾਂ।"
ਨੇਗੀ ਨੇ ਦੱਸਿਆ ਕਿ ਸੀਮਿੰਟ ਦੇ ਪੇਵਰ ਬਲਾਕ ਦੇ ਬਣੇ ਫੁੱਟਪਾਥ 'ਤੇ ਹਾਕੀ ਦੀ ਗੇਂਦ ਆਮ ਜ਼ਮੀਨ ਦੇ ਮੁਕਾਬਲੇ ਜ਼ਿਆਦਾ ਉੱਛਲਦੀ ਹੈ, ਜਿਸ ਕਾਰਨ ਪਿਛਲੇ ਦਿਨੀਂ ਦੋ ਬੱਚਿਆਂ ਦੇ ਦੰਦ ਵੀ ਟੁੱਟ ਚੁੱਕੇ ਹਨ।
ਉਨ੍ਹਾਂ ਕਿਹਾ, "ਬਿਜਲੀ ਦੀ ਹਾਈ ਟੈਂਸ਼ਨ ਲਾਈਨ ਇਸ ਜਗ੍ਹਾ ਦੇ ਬਿਲਕੁਲ ਉੱਪਰੋਂ ਲੰਘ ਰਹੀ ਹੈ। ਸੜਕ ਦੇ ਨਾਲ ਲੱਗਦੇ ਫੁੱਟਪਾਥ 'ਤੇ ਹਾਕੀ ਖੇਡਣ ਨਾਲ ਬੱਚਿਆਂ ਦੇ ਵਾਹਨਾਂ ਦੀ ਲਪੇਟ 'ਚ ਆਉਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।"
ਫੁੱਟਪਾਥ 'ਤੇ ਬੱਚਿਆਂ ਨੂੰ ਹਾਕੀ ਖੇਡਣ ਬਾਰੇ ਪੁੱਛੇ ਜਾਣ 'ਤੇ, ਸੂਬੇ ਦੀ ਖੇਡ ਤੇ ਯੁਵਕ ਭਲਾਈ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਨੇ ਕਿਹਾ, "ਚਿੰਤਾ ਨਾ ਕਰੋ। ਅਸੀਂ ਬਿਜਲਪੁਰ ਖੇਤਰ ਵਿੱਚ ਪੈਵੇਲੀਅਨ ਨਾਲ ਵਧੀਆ ਹਾਕੀ ਮੈਦਾਨ ਬਣਾ ਰਹੇ ਹਾਂ। ਪਰ ਕੀ ਕਰੀਏ, ਸਰਕਾਰ ਦੀ ਕਦਮਤਾਲ ਥੋੜ੍ਹੀ ਵੱਖਰੀ ਹੈ। ਕੁਝ ਦੇਰ ਉਡੀਕ ਕਰੋ।"
ਸਿੰਧੀਆ ਨੇ ਕਿਹਾ ਕਿ ਉਨ੍ਹਾਂ ਨੇ ਇਕ-ਦੋ ਮਹੀਨੇ ਪਹਿਲਾਂ ਵਿਭਾਗੀ ਸਮੀਖਿਆ ਕੀਤੀ ਸੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬਿਜਲਪੁਰ 'ਚ ਹਾਕੀ ਮੈਦਾਨ ਬਣਾਉਣ ਦੀ ਯੋਜਨਾ ਨੂੰ ਅਜੇ ਤੱਕ ਜ਼ਮੀਨ 'ਤੇ ਕਿਉਂ ਨਹੀਂ ਉਤਾਰਿਆ ਜਾ ਸਕਿਆ?
ਖੇਡ ਤੇ ਯੁਵਕ ਭਲਾਈ ਮੰਤਰੀ ਅਨੁਸਾਰ ਸਮੀਖਿਆ ਤੋਂ ਬਾਅਦ ਉਨ੍ਹਾਂ ਇਸ ਯੋਜਨਾ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ।
ਪ੍ਰਕਾਸ਼ ਹਾਕੀ ਕਲੱਬ ਦੇ ਸਕੱਤਰ ਦੇਵਕੀਨੰਦਨ ਸਿਲਾਵਟ ਨੇ ਕਿਹਾ ਕਿ ਇੰਦੌਰ ਨਗਰ ਨਿਗਮ ਨੇ 2016 ਵਿੱਚ ਕਲੱਬ ਦੇ ਮੈਦਾਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ ਅਤੇ ਸਥਾਨਕ ਹਾਕੀ ਭਾਈਚਾਰੇ ਨੂੰ ਬਦਲੇ ਵਿੱਚ ਬਦਲਵੇਂ ਮੈਦਾਨ ਦੀ ਮੰਗ ਕਰਦੇ ਹੋਏ ਸਰਕਾਰ ਤੋਂ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ।