
41 ਸਾਲਾਂ ਦੇ ਐਂਡਰਸਨ ਨੇ ਉਮਰ ਵਧਣ ਦੇ ਬਾਵਜੂਦ ਅਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਹੈ
ਧਰਮਸ਼ਾਲਾ: ਇੰਗਲੈਂਡ ਦੇ ਜੇਮਸ ਐਂਡਰਸਨ ਟੈਸਟ ਕ੍ਰਿਕਟ ’ਚ 700 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਅਤੇ ਕੁਲ ਤੀਜੇ ਗੇਂਦਬਾਜ਼ ਬਣ ਗਏ ਹਨ। ਅਪਣਾ 187ਵਾਂ ਟੈਸਟ ਮੈਚ ਖੇਡ ਰਹੇ 41 ਸਾਲ ਦੇ ਐਂਡਰਸਨ ਨੇ ਸਨਿਚਰਵਾਰ ਨੂੰ ਇੱਥੇ ਭਾਰਤ ਵਿਰੁਧ ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਕੁਲਦੀਪ ਯਾਦਵ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਅਪਣੀ 700ਵੀਂ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੁਕਰਵਾਰ ਨੂੰ ਸ਼ੁਭਮਨ ਗਿੱਲ ਦੇ ਰੂਪ ’ਚ ਅਪਣਾ 699ਵਾਂ ਵਿਕਟ ਹਾਸਲ ਕੀਤਾ।
ਟੈਸਟ ਕ੍ਰਿਕਟ ’ਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ’ਚ ਸਿਰਫ ਦੋ ਤੇਜ਼ ਗੇਂਦਬਾਜ਼ ਸ਼ਾਮਲ ਹਨ। ਐਂਡਰਸਨ ਤੋਂ ਬਾਅਦ ਇਸ ਸੂਚੀ ਵਿਚ ਉਨ੍ਹਾਂ ਦੇ ਸਾਥੀ ਸਟੂਅਰਟ ਬ੍ਰਾਡ ਦਾ ਨੰਬਰ ਆਉਂਦਾ ਹੈ। ਪਿਛਲੇ ਸਾਲ ਸੰਨਿਆਸ ਲੈਣ ਵਾਲੇ ਬ੍ਰਾਡ ਦੇ ਨਾਂ ’ਤੇ 604 ਵਿਕਟਾਂ ਹਨ। ਸਾਰੇ ਗੇਂਦਬਾਜ਼ਾਂ ’ਚ ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥਿਆ ਮੁਰਲੀਧਰਨ 800 ਵਿਕਟਾਂ ਨਾਲ ਚੋਟੀ ’ਤੇ ਹਨ। ਉਸ ਤੋਂ ਬਾਅਦ ਆਸਟਰੇਲੀਆ ਦੇ ਸ਼ੇਨ ਵਾਰਨ (708 ਵਿਕਟਾਂ) ਦਾ ਨੰਬਰ ਆਉਂਦਾ ਹੈ। ਭਾਰਤ ਦੇ ਅਨਿਲ ਕੁੰਬਲੇ ਇਸ ਸੂਚੀ ’ਚ ਚੌਥੇ ਸਥਾਨ ’ਤੇ ਹਨ। ਉਨ੍ਹਾਂ ਨੇ 132 ਟੈਸਟ ਮੈਚਾਂ ’ਚ 619 ਵਿਕਟਾਂ ਲਈਆਂ ਹਨ।
ਐਂਡਰਸਨ ਨੇ ਉਦੋਂ ਖੇਡਣਾ ਸ਼ੁਰੂ ਕੀਤਾ ਜਦੋਂ ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ ਅਤੇ ਬ੍ਰਾਇਨ ਲਾਰਾ ਵਰਗੇ ਮਹਾਨ ਬੱਲੇਬਾਜ਼ ਅਪਣੇ ਸਿਖਰ ’ਤੇ ਸਨ। ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਨੇ ਵਿਰਾਟ ਕੋਹਲੀ, ਸਟੀਵ ਸਮਿਥ ਅਤੇ ਕੇਨ ਵਿਲੀਅਮਸਨ ਸਮੇਤ ਅਗਲੀ ਪੀੜ੍ਹੀ ਦੇ ਬੱਲੇਬਾਜ਼ਾਂ ਨੂੰ ਸਖਤ ਚੁਨੌਤੀ ਦਿਤੀ। ਐਂਡਰਸਨ ਨੇ ਇਸ ਸੀਰੀਜ਼ ’ਚ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਵਰਗੇ ਬੱਲੇਬਾਜ਼ਾਂ ਨੂੰ ਵੀ ਸਖਤ ਚੁਨੌਤੀ ਦਿਤੀ। ਜਦੋਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੇ ਖੇਡਣਾ ਸ਼ੁਰੂ ਕੀਤਾ ਤਾਂ ਇਹ ਬੱਲੇਬਾਜ਼ ਬੱਚੇ ਸਨ।
ਤੇਂਦੁਲਕਰ ਨੇ ਦਿਤੀ ਵਧਾਈ
ਲੰਮੇ ਸਮੇਂ ਤਕ ਖੇਡਣ ਦਾ ਰਾਜ਼ ਤੇਂਦੁਲਕਰ ਤੋਂ ਬਿਹਤਰ ਕੌਣ ਜਾਣਦਾ ਹੈ? ਐਂਡਰਸਨ ਦੀ ਇਸ ਪ੍ਰਾਪਤੀ ’ਤੇ ਤੇਂਦੁਲਕਰ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ‘ਐਕਸ’ ’ਤੇ ਲਿਖਿਆ, ‘‘ਮੈਂ ਐਂਡਰਸਨ ਨੂੰ ਪਹਿਲੀ ਵਾਰ 2002 ’ਚ ਆਸਟਰੇਲੀਆ ’ਚ ਖੇਡਦੇ ਹੋਏ ਵੇਖਿਆ ਸੀ। ਗੇਂਦ ’ਤੇ ਉਸ ਦਾ ਕੰਟਰੋਲ ਖਾਸ ਲੱਗ ਰਿਹਾ ਸੀ। ਨਾਸਿਰ ਹੁਸੈਨ ਨੇ ਉਸ ਸਮੇਂ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ ਅਤੇ ਉਹ ਅੱਜ ਵੀ ਕਰਦਾ ਹੈ। ਮੈਨੂੰ ਯਕੀਨ ਹੈ ਕਿ ਉਹ ਕਹੇਗਾ ‘ਮੈਂ ਕਿਹਾ ਸੀ ਨਾ’ ਕਿਉਂਕਿ ਉਸ ਨੇ ਬਹੁਤ ਪਹਿਲਾਂ ਅਪਣੀ ਪ੍ਰਤਿਭਾ ਨੂੰ ਪਛਾਣ ਲਿਆ ਸੀ।’’
ਉਨ੍ਹਾਂ ਕਿਹਾ, ‘‘700 ਟੈਸਟ ਵਿਕਟਾਂ ਸ਼ਾਨਦਾਰ ਪ੍ਰਾਪਤੀ ਹੈ। ਇਕ ਤੇਜ਼ ਗੇਂਦਬਾਜ਼ 22 ਸਾਲਾਂ ਤੋਂ ਖੇਡ ਰਿਹਾ ਹੈ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ 700 ਵਿਕਟਾਂ ਲੈਣ ਦੇ ਯੋਗ ਹੈ, ਇਹ ਉਦੋਂ ਤਕ ਕਲਪਨਾਤਮਕ ਜਾਪਦਾ ਹੈ ਜਦੋਂ ਤਕ ਐਂਡਰਸਨ ਨੇ ਅਸਲ ’ਚ ਅਜਿਹਾ ਨਹੀਂ ਕੀਤਾ। ਸੱਚਮੁੱਚ ਸ਼ਾਨਦਾਰ।’’
ਐਂਡਰਸਨ ਨੇ 2002 ’ਚ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਕੀਤੀ ਸੀ। ਉਮਰ ਵਧਣ ਦੇ ਬਾਵਜੂਦ ਉਨ੍ਹਾਂ ਨੇ ਅਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਐਂਡਰਸਨ ਨੇ ਇੰਗਲੈਂਡ ਲਈ 194 ਵਨਡੇ ਅਤੇ 23 ਟੀ-20 ਕੌਮਾਂਤਰੀ ਮੈਚ ਵੀ ਖੇਡੇ ਹਨ। ਉਸ ਨੂੰ ਕੌਮਾਂਤਰੀ ਕ੍ਰਿਕਟ ’ਚ 1000 ਵਿਕਟਾਂ ਪੂਰੀਆਂ ਕਰਨ ਲਈ ਸਿਰਫ 13 ਵਿਕਟਾਂ ਦੀ ਲੋੜ ਹੈ।