
‘ਮੈਨ ਆਫ਼ ਦ ਮੈਚ’ ਸੈਂਟਨਰ ਨੇ ਪੰਜ ਵਿਕਟਾਂ ਲਈਆਂ
ਹੈਦਰਾਬਾਦ: ਬੱਲੇਬਾਜ਼ਾਂ ਦੇ ਕਮਾਲ ਤੋਂ ਬਾਅਦ ਮਿਸ਼ੇਲ ਸੈਂਟਨਰ ਦੀ ਸਪਿੱਨ ਦੇ ਜਾਦੂ ਦੀ ਬਦੌਲਤ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਥੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਟੀਮ 46.3 ਓਵਰਾਂ ’ਚ 223 ਦੌੜਾਂ ’ਤੇ ਆਲ ਆਊਟ ਹੋ ਗਈ। ਨੀਦਰਲੈਂਡ ਲਈ ਸਿਰਫ ਕੋਲਿਨ ਐਕਰਮੈਨ (68) ਹੀ ਸਫਲ ਬੱਲੇਬਾਜ਼ੀ ਕਰ ਸਕੇ। ਉਸ ਤੋਂ ਇਲਾਵਾ ਸਿਰਫ਼ ਕਪਤਾਨ ਸਕਾਟ ਐਡਵਰਡਸ (30) ਹੀ 30 ਦੌੜਾਂ ਦਾ ਅੰਕੜਾ ਛੂਹ ਸਕਿਆ।
ਨਿਊਜ਼ੀਲੈਂਡ ਲਈ ਸੈਂਟਨਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 59 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਮੈਟ ਹੈਨਰੀ ਨੇ ਵੀ ਉਸ ਦਾ ਚੰਗਾ ਸਾਥ ਦਿਤਾ ਅਤੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਵਿਲ ਯੰਗ, ਕਪਤਾਨ ਟਾਮ ਲੈਥਮ ਅਤੇ ਰਚਿਨ ਰਵਿੰਦਰਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਸੱਤ ਵਿਕਟਾਂ ’ਤੇ 322 ਦੌੜਾਂ ਬਣਾਈਆਂ। ਟੀਮ ਨੇ ਯੰਗ (80 ਗੇਂਦਾਂ ’ਚ 70 ਦੌੜਾਂ) ਅਤੇ ਰਵਿੰਦਰਾ (51 ਗੇਂਦਾਂ ’ਚ 51 ਦੌੜਾਂ) ਵਿਚਾਲੇ ਦੂਜੇ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਨਾਲ ਚੰਗਾ ਮੰਚ ਕਾਇਮ ਕੀਤਾ। ਕਪਤਾਨ ਲੈਥਮ ਨੇ 46 ਗੇਂਦਾਂ ’ਚ 53 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 300 ਦੌੜਾਂ ਤੋਂ ਪਾਰ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਟੀਚੇ ਦਾ ਪਿੱਛਾ ਕਰਦੇ ਹੋਏ, ਨੀਦਰਲੈਂਡ ਨੇ ਨਿਯਮਤ ਅੰਤਰਾਲਾਂ ’ਤੇ ਵਿਕਟਾਂ ਗੁਆ ਦਿਤੀਆਂ ਅਤੇ ਟੀਮ ਕਦੇ ਵੀ ਟੀਚੇ ਦੇ ਨੇੜੇ ਨਹੀਂ ਪਹੁੰਚੀ। ਵਿਕਰਮਜੀਤ ਸਿੰਘ (12) ਅਤੇ ਮੈਕਸ ਓਡੌਡ (16) ਨੇ ਸਾਵਧਾਨ ਸ਼ੁਰੂਆਤ ਕੀਤੀ ਪਰ ਹੈਨਰੀ ਨੇ ਛੇਵੇਂ ਓਵਰ ’ਚ ਵਿਕਰਮਜੀਤ ਨੂੰ ਬੋਲਡ ਕਰ ਕੇ ਸਾਂਝੇਦਾਰੀ ਨੂੰ ਤੋੜ ਦਿਤਾ। ਕਪਤਾਨ ਲੈਥਮ ਨੇ ਨੌਵੇਂ ਓਵਰ ’ਚ ਸੈਂਟਨਰ ਨੂੰ ਗੇਂਦ ਸੌਂਪੀ ਅਤੇ ਉਸ ਨੇ ਅਪਣੇ ਦੂਜੇ ਓਵਰ ’ਚ ਓਡੌਡ ਨੂੰ ਐਲ.ਬੀ.ਡਬਲਿਊ. ਆਊਟ ਕਰ ਦਿਤਾ।
ਬਾਸ ਡੀ ਲੀਡੇ (18) ਨੇ ਲੋਕੀ ਫਰਗੂਸਨ ’ਤੇ ਆਉਂਦੇ ਹੀ ਦੋ ਚੌਕੇ ਜੜੇ, ਜਦਕਿ ਸੈਂਟਨਰ ਦੀ ਗੇਂਦ ਵੀ ਬਾਊਂਡਰੀ ’ਤੇ ਲੱਗੀ ਪਰ ਸਪਿਨ ਗੇਂਦਬਾਜ਼ ਰਵਿੰਦਰ ਨੇ ਉਸ ਨੂੰ ਬੋਲਟ ਦੇ ਹੱਥੋਂ ਕੈਚ ਕਰਵਾ ਕੇ ਟੀਮ ਦਾ ਸਕੋਰ ਤਿੰਨ ਵਿਕਟਾਂ ’ਤੇ 67 ਦੌੜਾਂ ਤਕ ਪਹੁੰਚਾ ਦਿਤਾ।
ਐਕਰਮੈਨ ਅਤੇ ਤੇਜਾ ਨਿਦਾਮਨੁਰੂ ਨੇ ਚੌਥੇ ਵਿਕਟ ਲਈ 50 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਤੇਜਾ ਨੇ ਰਵਿੰਦਰ ’ਤੇ ਦੋ ਚੌਕੇ ਜੜੇ ਜਦਕਿ ਐਕਰਮੈਨ ਨੇ ਸੈਂਟਨੇਰ ’ਤੇ ਪਾਰੀ ਦਾ ਪਹਿਲਾ ਛੱਕਾ ਲਗਾਇਆ। ਉਸ ਨੇ ਸੈਂਟਨਰ ਦੇ ਇਸੇ ਓਵਰ ’ਚ ਚੌਕਾ ਵੀ ਲਗਾਇਆ। ਨੀਦਰਲੈਂਡ ਦੀਆਂ ਦੌੜਾਂ ਦਾ ਸੈਂਕੜਾ 22ਵੇਂ ਓਵਰ ’ਚ ਪੂਰਾ ਹੋ ਗਿਆ। ਤੇਜਾ ਦੇ ਰਨ ਆਊਟ ਹੋਣ ਕਾਰਨ ਇਹ ਸਾਂਝੇਦਾਰੀ ਟੁੱਟ ਗਈ। ਉਸ ਨੇ 26 ਗੇਂਦਾਂ ’ਚ 21 ਦੌੜਾਂ ਬਣਾਈਆਂ।
ਐਕਰਮੈਨ ਨੇ ਹੈਨਰੀ 'ਤੇ ਚਾਰ ਚੌਕਿਆਂ ਦੀ ਮਦਦ ਨਾਲ 55 ਗੇਂਦਾਂ ’ਚ ਅਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਇਸ ਤੋਂ ਬਾਅਦ ਉਹ ਸੈਂਟਨਰ ਦੀ ਗੇਂਦ ’ਤੇ ਥਰਡ ਮੈਨ ’ਤੇ ਹੈਨਰੀ ਦੇ ਹੱਥੋਂ ਕੈਚ ਹੋ ਗਿਆ। ਉਸ ਨੇ 73 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਪੰਜ ਚੌਕੇ ਲਗਾਏ। ਕਪਤਾਨ ਐਡਵਰਡਸ ਨੇ ਲਗਾਤਾਰ ਗੇਂਦਾਂ ’ਤੇ ਸੈਂਟਨਰ ’ਤੇ ਇਕ ਛੱਕਾ ਅਤੇ ਇਕ ਚੌਕਾ ਲਗਾਇਆ ਪਰ ਇਕ ਗੇਂਦ ਤੋਂ ਬਾਅਦ ਉਹ ਉਸੇ ਸਪਿਨਰ ਦੇ ਹੱਥੋਂ ਕੈਚ ਬੈਕ ਹੋ ਗਿਆ।
ਇਸ ਤੋਂ ਬਾਅਦ ਸੈਂਟਨਰ ਨੇ ਤਜਰਬੇਕਾਰ ਰੋਇਲੋਫ ਵੈਨ ਡੇਰ ਮਰਵੇ (01) ਨੂੰ ਵੀ ਪੈਵੇਲੀਅਨ ਭੇਜਿਆ। ਨੀਦਰਲੈਂਡ ਨੂੰ ਆਖਰੀ 10 ਓਵਰਾਂ ’ਚ 127 ਦੌੜਾਂ ਦੀ ਲੋੜ ਸੀ ਅਤੇ ਟੀਮ ਇਸ ਸਕੋਰ ਦੇ ਨੇੜੇ ਵੀ ਨਹੀਂ ਪਹੁੰਚ ਸਕੀ। ਸੈਂਟਨਰ ਨੇ ਪੰਜਵਾਂ ਵਿਕਟ ਐਲ.ਬੀ.ਡਬਲਯੂ. ਰਿਆਨ ਕਲੇਨ (08) ਦੇ ਹੱਥੋਂ ਲਿਆ।
ਇਸ ਤੋਂ ਪਹਿਲਾਂ ਨੀਦਰਲੈਂਡ ਦੇ ਗੇਂਦਬਾਜ਼ਾਂ ਨੇ ਵੀ ਹੌਲੀ ਪਿੱਚ ’ਤੇ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ। ਪਾਰੀ ਦੀ ਸ਼ੁਰੂਆਤ ’ਚ ਹੀ ਨੀਦਰਲੈਂਡ ਦੇ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੂੰ ਲਗਾਤਾਰ ਤਿੰਨ ਮੇਡਨ ਓਵਰ ਸੁੱਟੇ। ਯੰਗ ਨੇ ਚੌਥੇ ਓਵਰ ’ਚ ਰਿਆਨ ਕਲੇਨ ’ਤੇ ਦੋ ਚੌਕੇ ਲਗਾ ਕੇ ਨਿਊਜ਼ੀਲੈਂਡ ਦਾ ਖਾਤਾ ਖੋਲ੍ਹਿਆ।
ਡੇਵੋਨ ਕੋਨਵੇ (32) ਨੇ ਕਲੇਨ ਦੇ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਵਾਲੇ ਆਫ ਸਪਿਨਰ ਆਰੀਅਨ ਦੱਤ ’ਤੇ ਲੰਮੇ ਓਵਰ ’ਚ ਛੱਕਾ ਲਗਾਇਆ। ਹਾਲਾਂਕਿ, ਕੋਨਵੇ, ਰਨ ਰੇਟ ਨੂੰ ਵਧਾਉਣ ਦੀ ਕੋਸ਼ਿਸ਼ ’ਚ ਖੱਬੇ ਹੱਥ ਦੇ ਸਪਿਨਰ ਰੋਇਲੋਫ ਵੈਨ ਡੇਰ ਮੇਰਵੇ (56 ਦੌੜਾਂ ਦੇ ਕੇ 2 ਵਿਕਟਾਂ) ਦੀ ਗੇਂਦ ’ਤੇ ਬਾਸ ਡੀ ਲੀਡੇ ਦੇ ਹੱਥੋਂ ਕੈਚ ਹੋ ਗਿਆ, ਜਿਸ ਨਾਲ ਪਹਿਲੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਖਤਮ ਹੋ ਗਈ। ਇੰਗਲੈਂਡ ਵਿਰੁਧ ਪਹਿਲੇ ਮੈਚ ’ਚ ਸੈਂਕੜਾ ਜੜਨ ਵਾਲੇ ਰਵਿੰਦਰ ਅਤੇ ਯੰਗ ਨੇ ਫਿਰ ਪਾਰੀ ਨੂੰ ਸੰਭਾਲਿਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਚੰਗੀ ਫਾਰਮ ’ਚ ਨਜ਼ਰ ਆ ਰਹੇ ਸਨ ਪਰ ਨੀਦਰਲੈਂਡ ਦੇ ਗੇਂਦਬਾਜ਼ ਵੀ ਰਨ ਰੇਟ ਨੂੰ ਕਾਬੂ ਕਰਨ ’ਚ ਸਫਲ ਰਹੇ।
ਹਾਲਾਂਕਿ ਅਰਧ-ਸੈਂਕੜੇ ਪੂਰੇ ਕਰਨ ਤੋਂ ਬਾਅਦ ਯੰਗ ਅਤੇ ਰਵਿੰਦਰ ਕ੍ਰਮਵਾਰ ਪਾਲ ਵੈਨ ਮੀਕਰੇਨ (59 ਦੌੜਾਂ ’ਤੇ 2 ਵਿਕਟਾਂ) ਅਤੇ ਵਾਨ ਡੇਰ ਮੇਰਵੇ ਦਾ ਸ਼ਿਕਾਰ ਬਣੇ। ਵਾਨ ਮੀਕੇਰੇਨ ਦੀ ਗੇਂਦ ਨੂੰ ਪੁਲ ਕਰਨ ਦੀ ਕੋਸ਼ਿਸ਼ ’ਚ ਯੰਗ ਨੂੰ ਬਾਸ ਡੀ ਲੀਡੇ ਨੇ ਕੈਚ ਦਿਤਾ ਜਦੋਂ ਕਿ ਰਵਿੰਦਰਾ ਨੂੰ ਵਿਕਟਕੀਪਰ ਸਕਾਟ ਐਡਵਰਡਸ ਨੇ ਕੈਚ ਦਿਤਾ। ਲੈਥਮ ਅਤੇ ਡੇਰਿਲ ਮਿਸ਼ੇਲ (47 ਗੇਂਦਾਂ ਵਿੱਚ 48 ਦੌੜਾਂ) ਨੇ ਚੌਥੀ ਵਿਕਟ ਲਈ 53 ਦੌੜਾਂ ਜੋੜ ਕੇ ਦੌੜਾਂ ਦੀ ਰਫ਼ਤਾਰ ਵਧਾਈ। ਜਦੋਂ ਲਾਥਮ ਦੱਤ ਦੀ ਗੇਂਦ ’ਤੇ ਸਟੰਪ ਆਊਟ ਹੋ ਕੇ ਅਪਣਾ ਅੱਧਾ ਸੈਂਕੜਾ ਪੂਰਾ ਕਰ ਕੇ ਸੱਤਵੇਂ ਬੱਲੇਬਾਜ਼ ਵਜੋਂ ਪੈਵੇਲੀਅਨ ਪਰਤਿਆ ਤਾਂ 49ਵੇਂ ਓਵਰ ’ਚ ਟੀਮ ਦਾ ਸਕੋਰ 293 ਦੌੜਾਂ ਸੀ। ਮਿਸ਼ੇਲ ਸੈਂਟਨਰ ਨੇ 17 ਗੇਂਦਾਂ ’ਤੇ 36 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਬਦੌਲਤ ਨਿਊਜ਼ੀਲੈਂਡ ਆਖਰੀ ਤਿੰਨ ਓਵਰਾਂ ’ਚ 50 ਦੌੜਾਂ ਜੋੜਨ ’ਚ ਸਫਲ ਰਿਹਾ।