
ਚੇਨਈ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਸ਼ੁਭਮਨ ਗਿੱਲ
ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਅਫ਼ਗਾਨਿਸਤਾਨ ਵਿਰੁਧ ਬੁਧਵਾਰ ਨੂੰ ਹੋਣ ਵਾਲੇ ਭਾਰਤ ਦੇ ਅਗਲੇ ਵਿਸ਼ਵ ਕੱਪ ਮੁਕਾਬਲੇ ਤੋਂ ਵੀ ਬਾਹਰ ਹੋ ਗਏ ਹਨ। ਉਹ ਚੇਨਈ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਭਾਰਤੀ ਟੀਮ ਸੋਮਵਾਰ ਨੂੰ ਚੇਨਈ ਤੋਂ ਦਿੱਲੀ ਪਹੁੰਚ ਗਈ ਪਰ ਬਿਮਾਰ ਹੋਣ ਕਾਰਨ ਆਸਟਰੇਲੀਆ ਵਿਰੁਧ ਭਾਰਤ ਦੇ ਪਹਿਲੇ ਮੈਚ ਤੋਂ ਬਾਹਰ ਰਹੇ ਗਿੱਲ ਟੀਮ ਨਾਲ ਨਹੀਂ ਆਏ। ਆਸਟਰੇਲੀਆ ਵਿਰੁਧ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਸੀ ਕਿ ਗਿੱਲ ਬਿਮਾਰ ਹਨ ਪਰ ਉਨ੍ਹਾਂ ਦੀ ਬਿਮਾਰੀ ਬਾਰੇ ਨਹੀਂ ਦਸਿਆ ਸੀ।
ਬੀ.ਸੀ.ਸੀ.ਆਈ. ਨੇ ਨਵੀਨਤਮ ਅਪਡੇਟ ’ਚ ਦਸਿਆ, ‘‘ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਭਮਨ ਗਿੱਲ 9 ਅਕਤੂਬਰ, 2023 ਨੂੰ ਟੀਮ ਨਾਲ ਦਿੱਲੀ ਨਹੀਂ ਆਉਣਗੇ। ਆਈ.ਸੀ.ਸੀ. ਪੁਰਸ਼ ਕ੍ਰਿਕੇਟ ਵਿਸ਼ਵ ਕੱਪ 2023 ’ਚ ਚੇਨਈ ’ਚ ਆਸਟਰੇਲੀਆ ਵਿਰੁਧ ਟੀਮ ਦੇ ਪਹਿਲੇ ਮੈਚ ਤੋਂ ਬਾਹਰ ਰਿਹਾ ਇਹ ਬੱਲੇਬਾਜ਼ ਦਿੱਲੀ ’ਚ 11 ਅਕਤੂਬਰ ਨੂੰ ਅਫ਼ਗਾਨਿਸਤਾਨ ਵਿਰੁਧ ਟੀਮ ਦੇ ਅਗਲੇ ਮੈਚਾਂ ’ਚ ਵੀ ਨਹੀਂ ਖੇਡ ਸਕੇਗਾ। ਉਹ ਚੇਨਈ ’ਚ ਹੀ ਰਹੇਗਾ ਅਤੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ’ਚ ਰਹੇਗਾ।’’
ਆਸਟਰੇਲੀਆ ਵਿਰੁਧ ਮੈਚ ’ਚ ਇਸ਼ਾਨ ਕਿਸ਼ਨ ਨੇ ਗਿੱਲ ਦੀ ਥਾਂ ਲਈ। ਭਾਰਤ ਨੇ ਇਹ ਮੁਕਾਬਲਾ ਛੇ ਵਿਕਟਾਂ ਨਾਲ ਜਿੱਤ ਲਿਆ ਸੀ। ਇਸ਼ਾਨ, ਰੋਹਿਤ ਸ਼ਰਮਾ ਅਤੇ ਸ਼ੇਆਸ ਅਈਅਰ ਖਾਤਾ ਖੋਲ੍ਹਣ ’ਚ ਨਾਕਾਮ ਰਹੇ ਜਿਸ ਤੋਂ ਬਾਅਦ ਲੋਕੇਸ਼ ਰਾਹੁਲ ਅਤੇ ਵਿਰਾਟ ਕੋਹਲੀ ਨੇ 165 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਯਕੀਨੀ ਕੀਤੀ। ਚੌਵੀ ਸਾਲਾਂ ਦੇ ਗਿੱਲ ਪਿਛਲੇ 12 ਮਹੀਨਿਆਂ ਤੋਂ ਸ਼ਾਨਦਾਰ ਫ਼ਾਰਮ ’ਚ ਹਨ ਅਤੇ ਇਸ ਸਾਲ ਇਕ ਦਿਨ ਦੇ ਕੌਮਾਂਤਰੀ ਮੁਕਾਬਲਿਆਂ ’ਚ ਪੰਜ ਸੈਂਕੜੇ ਬਣਾ ਚੁੱਕੇ ਹਨ।