
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿਚ ਪਹਿਲਾਂ ਹੀ ਸਿਖਰ ਉੱਤੇ ਹੈ।
Test rankings: ਭਾਰਤ ਨੇ ਧਰਮਸ਼ਾਲਾ ਵਿਚ ਇੰਗਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਭਾਰਤ ਨੇ ਆਸਟ੍ਰੇਲੀਆ ਦੀ ਥਾਂ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਖੇਡ ਦੇ ਤਿੰਨੋਂ ਫਾਰਮੈਟਾਂ ਵਿਚ ਆਈਸੀਸੀ ਰੈਂਕਿੰਗ ਵਿਚ ਸਿਖਰ ’ਤੇ ਪਹੁੰਚ ਗਈ ਹੈ। ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿਚ ਪਹਿਲਾਂ ਹੀ ਸਿਖਰ ਉੱਤੇ ਹੈ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਾਈਸਟਚਰਚ 'ਚ ਚੱਲ ਰਹੇ ਦੂਜੇ ਟੈਸਟ ਮੈਚ ਦਾ ਨਤੀਜਾ ਜੋ ਵੀ ਹੋਵੇ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਚੋਟੀ 'ਤੇ ਰਹੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੇ ਵੈਲਿੰਗਟਨ 'ਚ ਪਹਿਲਾ ਟੈਸਟ ਮੈਚ 172 ਦੌੜਾਂ ਨਾਲ ਜਿੱਤਿਆ ਅਤੇ ਫਿਲਹਾਲ ਸੀਰੀਜ਼ 'ਚ 1-0 ਨਾਲ ਅੱਗੇ ਹੈ।
ਭਾਰਤ ਦੇ ਹੁਣ ਟੈਸਟ ਰੈਂਕਿੰਗ ਵਿਚ 122 ਰੇਟਿੰਗ ਅੰਕ ਹਨ, ਜੋ ਆਸਟ੍ਰੇਲੀਆ ਨਾਲੋਂ ਪੰਜ ਵੱਧ ਹਨ। ਇੰਗਲੈਂਡ ਦੀ ਟੀਮ 111 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਵਨਡੇ 'ਚ ਭਾਰਤ ਦੇ 121 ਰੇਟਿੰਗ ਅੰਕ ਹਨ ਜਦਕਿ ਆਸਟ੍ਰੇਲੀਆ 118 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਟੀ-20 ਅੰਤਰਰਾਸ਼ਟਰੀ ਵਿਚ ਭਾਰਤ ਦੇ 266 ਅੰਕ ਹਨ। ਇੰਗਲੈਂਡ ਇਸ ਫਾਰਮੈਟ 'ਚ 256 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।
ਭਾਰਤ ਸਤੰਬਰ 2023 ਤੋਂ ਜਨਵਰੀ 2024 ਦਰਮਿਆਨ ਟੈਸਟ ਰੈਂਕਿੰਗ 'ਚ ਸਿਖਰ 'ਤੇ ਸੀ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਬਰਾਬਰ ਰਹਿਣ ਕਾਰਨ ਭਾਰਤ ਦੂਜੇ ਸਥਾਨ 'ਤੇ ਖਿਸਕ ਗਿਆ ਸੀ। ਆਸਟ੍ਰੇਲੀਆ ਨੇ ਪਾਕਿਸਤਾਨ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰਕੇ ਭਾਰਤ ਦੀ ਥਾਂ 'ਤੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤ ਨੂੰ ਹੈਦਰਾਬਾਦ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਅਗਲੇ ਚਾਰ ਟੈਸਟ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਆਈਸੀਸੀ ਟੈਸਟ ਰੈਂਕਿੰਗ 'ਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ।
(For more Punjabi news apart from India reached number one in Test rankings , stay tuned to Rozana Spokesman)