
Special Story: ਅਮਨ 11 ਸਾਲ ਦਾ ਸੀ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ ਤੇ 6 ਮਹੀਨੇ ਬਾਅਦ ਪਿਤਾ ਨੇ ਛੱਡੀ ਦੁਨੀਆਂ
Special Story About Aman Sehrawat: "ਅਮਨ 11 ਸਾਲ ਦਾ ਸੀ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ। ਬੇਟੇ ਨੂੰ ਡਿਪ੍ਰੈਸ਼ਨ ਵਿੱਚ ਜਾਣ ਤੋਂ ਬਚਾਉਣ ਲਈ ਪਿਤਾ ਨੇ ਉਸ ਨੂੰ ਕੁਸ਼ਤੀ ਵਿੱਚ ਲਗਾ ਦਿੱਤਾ ਪਰ 6 ਮਹੀਨਿਆਂ ਬਾਅਦ ਪਿਤਾ ਦੀ ਵੀ ਮੌਤ ਹੋ ਗਈ।" ਇਹ ਦੱਸਦੇ ਹੋਏ ਭਾਰਤ ਲਈ ਕੁਸ਼ਤੀ ਵਿੱਚ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਸਹਿਰਾਵਤ ਦੀ ਮਾਸੀ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਸਨ।
ਤੁਰੰਤ ਹੀ ਉਹ ਹੌਂਸਲੇ ਨਾਲ ਕਹਿੰਦੀ ਹੈ, "ਅਮਨ ਦੇ ਪਿਤਾ ਦਾ ਸੁਪਨਾ ਸੀ ਕਿ ਘਰ ਵਿੱਚ ਕੋਈ ਕੁਸ਼ਤੀ ਕਰੇ ਅਤੇ ਭਾਰਤ ਲਈ ਮੈਡਲ ਜਿੱਤੇ। ਅਮਨ ਨੇ ਕਿਹਾ ਸੀ ਕਿ ਮੈਂ ਉਸ ਦੇ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ।" ਹੁਣ 21 ਸਾਲ ਦੀ ਉਮਰ ਵਿੱਚ ਉਸ ਨੇ ਓਲੰਪਿਕ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅਮਨ ਨੇ 57 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਤੋਂ ਬਾਅਦ ਰੈਸਲਰ ਅਮਨ ਸਹਿਰਾਵਤ ਦੀ ਚਚੇਰੀ ਭੈਣ ਜੋਤੀ ਨੇ ਵੀ ਉਸ ਦੀ ਜਿੱਤ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਨੇ ਕਿਹਾ, ”ਅੱਜ ਅਮਨ ਦੀ ਮਿਹਨਤ ਸਫ਼ਲ ਹੋਈ ਹੈ। ਉਹ ਬਚਪਨ ਤੋਂ ਹੀ ਸੰਘਰਸ਼ ਕਰ ਰਹੇ ਹਨ। ਇਹ ਸਾਡੇ ਲਈ ਗੋਲਡ ਮੈਡਲ ਵਰਗਾ ਹੀ ਹੈ। ਉਸ ਦੇ ਮਾਂ-ਪਿਓ ਦਾ ਸੁਪਨਾ ਸੀ ਕਿ ਉਹ ਗੋਲਡ ਮੈਡਲ ਜਿੱਤ ਕੇ ਲਿਆਉਣ। ਮਾਪਿਆਂ ਦੀ ਮੌਤ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਖ਼ਤ ਮਿਹਨਤ ਤੇ ਲਗਨ ਨਾਲ ਉਸ ਨੇ ਦੇਸ਼ ਲਈ ਇਹ ਮੈਡਲ ਜਿੱਤਿਆ ਹੈ।”
ਅਮਨ ਰਵੀ ਦਹੀਆ ਨੂੰ ਆਪਣੀ ਪ੍ਰੇਰਨਾ ਮੰਨਦਾ ਹੈ। ਅਮਨ ਨੇ ਵੀ ਦਹੀਆ ਨੂੰ ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ। ਦਹੀਆ ਨੇ ਟੋਕੀਓ ਓਲੰਪਿਕ 'ਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਦਹੀਆ ਤੋਂ ਪ੍ਰੇਰਨਾ ਲੈ ਕੇ ਅਮਨ ਨੇ ਗੋਲਡ ਮੈਡਲ ਦੀ ਫੋਟੋ ਆਪਣੇ ਕਮਰੇ ਵਿੱਚ ਟੰਗ ਦਿੱਤੀ। ਉਸ ਨੇ ਆਪਣੇ ਕਮਰੇ ਵਿਚ ਲਿਖਿਆ ਹੈ, 'ਜੇ ਇਹ ਆਸਾਨ ਹੁੰਦਾ, ਤਾਂ ਹਰ ਕੋਈ ਅਜਿਹਾ ਕਰਦਾ।'
ਹੁਣ ਅਮਨ ਨੇ ਇੱਕ ਅਜਿਹਾ ਕਾਰਨਾਮਾ ਕਰ ਲਿਆ ਹੈ ਜੋ ਇਸ ਓਲੰਪਿਕ ਵਿੱਚ ਕੋਈ ਵੀ ਭਾਰਤੀ ਪਹਿਲਵਾਨ ਨਹੀਂ ਕਰ ਸਕਿਆ। ਅਮਨ ਨੇ ਪੈਰਿਸ ਓਲੰਪਿਕ ਵਿੱਚ ਦੇਸ਼ ਨੂੰ ਆਪਣਾ ਪਹਿਲਾ ਕੁਸ਼ਤੀ ਤਮਗਾ ਜਿੱਤਿਆ ਸੀ। ਅਮਨ ਨੇ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਤਮਗਾ ਜਿੱਤਿਆ। ਅਮਨ ਨੇ ਪਹਿਲੇ ਦੋ ਮੈਚ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ, ਪਰ ਜਾਪਾਨੀ ਪਹਿਲਵਾਨ ਤੋਂ ਹਾਰ ਕੇ ਕਾਂਸੀ ਦੇ ਤਗਮੇ ਦਾ ਮੈਚ ਖੇਡਣਾ ਪਿਆ। ਜਾਪਾਨੀ ਪਹਿਲਵਾਨ ਨੇ ਸੋਨ ਤਗਮਾ ਜਿੱਤਿਆ।
ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ, ਅਮਨ ਅਤੇ ਉਸ ਦੀ ਭੈਣ ਆਪਣੀ ਮਾਸੀ ਦੇ ਘਰ ਚਲੇ ਗਏ। ਮਾਸੀ ਨੇ ਦੋਹਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ। ਸਹਿਰਾਵਤ ਦੀ ਮਾਸੀ ਸੁਮਨ ਕਹਿੰਦੀ ਹੈ, 'ਅਮਨ ਦੀ ਮਾਂ ਕਮਲੇਸ਼ ਮੇਰੀ ਛੋਟੀ ਭੈਣ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਕਮਲੇਸ਼ ਦੇ ਜਾਣ ਦੇ ਸੋਗ ਕਾਰਨ ਅਮਨ ਦੇ ਪਿਤਾ ਵੀ ਬਿਮਾਰ ਰਹਿਣ ਲੱਗ ਪਏ ਅਤੇ 6 ਮਹੀਨਿਆਂ ਬਾਅਦ ਉਨ੍ਹਾਂ ਨੇ ਅਮਨ ਅਤੇ ਉਸ ਦੀ ਭੈਣ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਚਲੇ ਗਏ।