
ਜੇ ਮੀਂਹ ਕਰ ਕੇ ਮੈਚ ਰੁਕਿਆ ਵੀ ਤਾਂ ਕੱਲ੍ਹ ਫਿਰ ਉੱਥੋਂ ਹੀ ਸ਼ੁਰੂ ਕੀਤਾ ਜਾਵੇਗਾ
ਕੋਲੰਬੋ- ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਅੱਜ ਐਤਵਾਰ ਨੂੰ ਵਨ ਡੇ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਬਾਰਿਸ਼ 'ਤੇ ਹੋਣਗੀਆਂ। ਰਾਹੁਲ ਲੰਬੇ ਸਮੇਂ ਬਾਅਦ ਵਨਡੇ ਫਾਰਮੈਟ 'ਚ ਖੇਡਦੇ ਨਜ਼ਰ ਆ ਸਕਦੇ ਹਨ, ਜਦਕਿ ਕੋਲੰਬੋ 'ਚ ਮੀਂਹ ਨੇ ਸਾਰਿਆਂ ਦੀ ਨਾਰਾਜ਼ਗੀ ਵਧਾ ਦਿੱਤੀ ਹੈ। ਪੂਰੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਲਈ ਇਸ ਮੈਚ ਲਈ ਇੱਕ ਵਿਵਾਦਪੂਰਨ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ।
ਫੈਸਲਾ ਲਿਆ ਗਿਆ ਹੈ ਕਿ ਜੇਕਰ ਐਤਵਾਰ ਨੂੰ ਮੀਂਹ ਪੈਂਦਾ ਹੈ, ਤਾਂ ਖੇਡ ਨੂੰ ਰੋਕ ਦਿੱਤਾ ਜਾਵੇਗਾ ਅਤੇ ਸੋਮਵਾਰ ਨੂੰ ਉਥੋਂ ਹੀ ਖੇਡ ਸ਼ੁਰੂ ਕੀਤੀ ਜਾਵੇਗੀ ਜਿੱਥੇ ਖ਼ਤਮ ਹੋਈ। ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਮੈਚ ਵੀ ਮੀਂਹ ਕਾਰਨ ਪ੍ਰਭਾਵਿਤ ਹੋਇਆ ਸੀ। ਉਸ ਮੈਚ ਵਿਚ ਭਾਰਤੀ ਟੀਮ ਨੇ ਆਪਣੀ ਪਾਰੀ ਖੇਡੀ ਸੀ ਪਰ ਪਾਕਿਸਤਾਨ ਆਪਣੀ ਪਾਰੀ ਮੀਂਹ ਕਰ ਕੇ ਨਹੀਂ ਖੇਡ ਸਕਿਆ ਸੀ। ਇਸ ਦੇ ਨਾਲ ਹੀ ਰਾਹੁਲ ਪੰਜ ਮਹੀਨੇ ਬਾਅਦ ਵਨਡੇ ਖੇਡਦੇ ਨਜ਼ਰ ਆਉਣਗੇ। ਉਹਨਾਂ ਨੇ ਆਪਣਾ ਆਖਰੀ ਮੈਚ ਇਸ ਸਾਲ 22 ਮਾਰਚ ਨੂੰ ਆਸਟ੍ਰੇਲੀਆ ਖਿਲਾਫ਼ ਖੇਡਿਆ ਸੀ ਜਿਸ 'ਚ ਉਹ 32 ਦੌੜਾਂ 'ਤੇ ਆਊਟ ਹੋ ਗਿਆ ਸੀ।