
ਤੀਜੇ ਦੌਰ ਤੋਂ ਬਾਅਦ ਜਾਵਕਰ 89-90 ਨਾਲ ਪਿੱਛੇ ਚੱਲ ਰਹੇ ਸਨ ਪਰ ਚੌਥੇ ਰਾਊਂਡ 'ਚ ਉਨ੍ਹਾਂ ਨੇ 30 'ਚੋਂ 30 ਸਕੋਰ ਬਣਾਏ
ਹਰਮੋਸਿਲੋ (ਮੈਕਸੀਕੋ) - ਭਾਰਤੀ ਕੰਪਾਊਂਡ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੂੰ ਵਿਸ਼ਵ ਕੱਪ ਤੀਰਅੰਦਾਜ਼ੀ ਦੇ ਫਾਈਨਲ ਵਿਚ ਡੈਨਮਾਰਕ ਦੇ ਮੈਥਿਆਸ ਫੁਲਰਟਨ ਤੋਂ ਸ਼ੂਟ ਆਫ ਵਿਚ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਸ਼ੰਘਾਈ ਵਿਸ਼ਵ ਕੱਪ ਜੇਤੂ ਜਾਵਕਰ ਚਾਰ ਮਹੀਨਿਆਂ 'ਚ ਦੂਜੀ ਵਾਰ ਵਿਸ਼ਵ ਦੇ ਨੰਬਰ ਇਕ ਅਤੇ ਮੌਜੂਦਾ ਚੈਂਪੀਅਨ ਮਾਈਕ ਸ਼ਲੋਸਰ ਨੂੰ ਹਰਾ ਕੇ ਫਾਈਨਲ 'ਚ ਪਹੁੰਚੇ ਹਨ। ਹਾਲਾਂਕਿ, ਉਹ ਖਿਤਾਬੀ ਮੈਚ ਵਿਚ ਫੁਲਰਟਨ ਤੋਂ 148-148 (10-10*) ਨਾਲ ਹਾਰ ਗਏ। ਫੁਲਰਟਨ ਨੂੰ ਸੈਂਟਰ ਦੇ ਨੇੜੇ ਹੋਰ ਸ਼ਾਟ ਲਗਾਉਣ ਕਾਰਨ ਜੇਤੂ ਘੋਸ਼ਿਤ ਕੀਤਾ ਗਿਆ।
ਤੀਜੇ ਦੌਰ ਤੋਂ ਬਾਅਦ ਜਾਵਕਰ 89-90 ਨਾਲ ਪਿੱਛੇ ਚੱਲ ਰਹੇ ਸਨ ਪਰ ਚੌਥੇ ਰਾਊਂਡ 'ਚ ਉਨ੍ਹਾਂ ਨੇ 30 'ਚੋਂ 30 ਸਕੋਰ ਬਣਾਏ ਅਤੇ ਸਕੋਰ 119 'ਤੇ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਪੰਜਵੇਂ ਅਤੇ ਆਖ਼ਰੀ ਦੌਰ ਵਿਚ ਦੋਵੇਂ ਤੀਰਅੰਦਾਜ਼ਾਂ ਨੇ ਬਰਾਬਰ 29 ਅੰਕ ਬਣਾਏ। ਟਾਈਬ੍ਰੇਕਰ 'ਚ ਵੀ ਦੋਵਾਂ ਦੇ ਸਕੋਰ ਬਰਾਬਰ ਰਹੇ ਪਰ ਭਾਰਤੀ ਖਿਡਾਰੀ ਨੂੰ ਮਾਮੂਲੀ ਫਰਕ ਕਾਰਨ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਦੱਸ ਦਈਏ ਕਿ ਮਹਾਰਾਸ਼ਟਰ ਦੇ ਤੀਰਅੰਦਾਜ਼ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਸ਼ਲੋਸਰ ਨੂੰ 150-149 ਨਾਲ ਹਰਾਇਆ ਸੀ।