
ਅਸਮਾਨ ਸਾਫ਼ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਦਾਨ ਨੂੰ ਖੇਡਣ ਯੋਗ ਨਹੀਂ ਬਣਾਇਆ ਜਾ ਸਕਿਆ
ਗ੍ਰੇਟਰ ਨੋਇਡਾ : ਗਿੱਲੀ ਆਊਟਫੀਲਡ ਨੂੰ ਸੁਕਾਉਣ ਲਈ ਬਿਜਲੀ ਦੇ ਪੱਖੇ, ਡੀ.ਡੀ.ਸੀ.ਏ. ਤੋਂ ਉਧਾਰ ਲਏ ਗਏ ਗਰਾਊਂਡ ਕਵਰ ਅਤੇ ਯੂ.ਪੀ.ਸੀ.ਏ. ਤੋਂ ਲਏ ਗਏ ਸੁਪਰ ਸੋਕਰ ਦੀ ਵਰਤੋਂ ਕਰਨ ਦੇ ਬਾਵਜੂਦ ਗ੍ਰੇਟਰ ਨੋਇਡਾ ’ਚ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਵੀ ਨਾ ਹੋਣ ਕਾਰਨ ਕਾਫ਼ੀ ਕਿਰਕਿਰੀ ਹੋਈ।
ਸ਼ਹੀਦ ਵਿਜੇ ਸਿੰਘ ਪਥਿਕ ਸਪੋਰਟਸ ਕੰਪਲੈਕਸ ਵਿਚ ਲਗਾਤਾਰ ਦੂਜੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ, ਜਿਸ ਨਾਲ ਸਟੇਡੀਅਮ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਅਤੇ ਕੌਮਾਂਤਰੀ ਪੱਧਰ ’ਤੇ ਸ਼ਰਮਿੰਦਗੀ ਵੱਖ ਪੈਦਾ ਹੋ ਗਈ। ਦੋਹਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਸੋਮਵਾਰ ਤੋਂ ਸ਼ੁਰੂ ਹੋਣਾ ਸੀ ਪਰ ਅੰਪਾਇਰਾਂ ਨੇ ਖਿਡਾਰੀਆਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪਹਿਲੇ ਦਿਨ ਦੀ ਖੇਡ ਰੱਦ ਕਰ ਦਿਤੀ।
ਸੋਮਵਾਰ ਸ਼ਾਮ ਨੂੰ ਇਕ ਘੰਟੇ ਦੀ ਬੂੰਦਾਬਾਂਦੀ ਤੋਂ ਇਲਾਵਾ ਕੋਈ ਮੀਂਹ ਨਹੀਂ ਪਿਆ ਪਰ ਮੰਗਲਵਾਰ ਨੂੰ ਖੇਡ ਦੀ ਸ਼ੁਰੂਆਤ ਪ੍ਰਭਾਵਤ ਹੋਈ। ਖੇਡ ਸਵੇਰੇ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣੀ ਸੀ। ਅਸਮਾਨ ਸਾਫ਼ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਦਾਨ ਨੂੰ ਖੇਡਣ ਯੋਗ ਨਹੀਂ ਬਣਾਇਆ ਜਾ ਸਕਿਆ।
ਗਰਾਊਂਡਮੈਨ ਅਭਿਆਸ ਅਹਾਤੇ ਤੋਂ ਸੁੱਕੀ ਘਾਹ ਲਿਆਉਣ ਅਤੇ ਇਸ ਨੂੰ ਮਿਡ-ਆਨ ਅਤੇ ਮਿਡਵਿਕਟ ਖੇਤਰਾਂ ’ਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਨੂੰ ਸੁਕਾਉਣ ਲਈ ਆਫਸਾਈਡ ’ਤੇ ਤਿੰਨ ਟੇਬਲ ਫ਼ੈਨ ਵੀ ਲਗਾਏ ਗਏ ਸਨ।
ਗ੍ਰੇਟਰ ਨੋਇਡਾ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਦੀ ਨਿਗਰਾਨੀ ਹੇਠ ਕੰਮ ਕੀਤਾ ਜਾ ਰਿਹਾ ਸੀ। ਅੰਪਾਇਰਾਂ ਨੇ ਤਿੰਨ ਜਾਂਚਾਂ ਤੋਂ ਬਾਅਦ ਦੂਜੇ ਦਿਨ ਦੀ ਖੇਡ ਵੀ ਰੱਦ ਕਰ ਦਿਤੀ ਹੈ। ਸਟੇਡੀਅਮ ਦੇ ਅਧਿਕਾਰੀਆਂ ਮੁਤਾਬਕ ਮੈਦਾਨ ’ਚ ਪੰਜ ਸੁਪਰ ਸੋਪਰ (ਤਿੰਨ ਆਟੋਮੈਟਿਕ) ਲਗਾਏ ਗਏ ਸਨ ਪਰ ਇਹ ਕੰਮ ਨਹੀਂ ਕਰ ਸਕਿਆ।
ਸੂਤਰਾਂ ਮੁਤਾਬਕ ਗ੍ਰੇਟਰ ਨੋਇਡਾ ਅਥਾਰਟੀ ਨੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂ.ਪੀ.ਸੀ.ਏ.) ਤੋਂ ਦੋ ਸੁਪਰ ਸੋਕਰ ਮੰਗੇ ਸਨ, ਜੋ ਮੇਰਠ ਸਟੇਡੀਅਮ ਤੋਂ ਭੇਜੇ ਗਏ ਸਨ। ਦਿਨ ਦੌਰਾਨ ਵਿਆਹ ’ਚ ਵਰਤੀ ਜਾਣ ਵਾਲੇ ਰਵਾਇਤੀ ਸ਼ਾਮਿਆਨੇ ਦੀ ਵਰਤੋਂ ਆਊਟਫੀਲਡ ਨੂੰ ਢਕਣ ਲਈ ਕੀਤੀ ਗਈ ਅਤੇ ਸ਼ਾਮ ਨੂੰ ਬਰਸਾਤੀ ਲਗਾਈ ਗਈ। ਕੋਟਲਾ ਤੋਂ ਡੀ.ਡੀ.ਸੀ.ਏ. ਦੇ ਅਧਿਕਾਰੀਆਂ ਨੇ ਆਊਟਫੀਲਡ ਕਵਰ ਭੇਜੇ।
ਗ੍ਰੇਟਰ ਨੋਇਡਾ ਅਥਾਰਟੀ ਕੋਲ ਮੈਦਾਨ ’ਤੇ ਹੁਨਰਮੰਦ ਵਰਕਰ ਵੀ ਨਹੀਂ ਸਨ, ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ’ਤੇ ਲਗਾਇਆ ਗਿਆ ਸੀ। ਬੀ.ਸੀ.ਸੀ.ਆਈ. ਨੇ ਅਫਗਾਨਿਸਤਾਨ ਕ੍ਰਿਕਟ ਬੋਰਡ (ਐਫ.ਸੀ.ਬੀ.) ਨੂੰ ਕਾਨਪੁਰ, ਬੈਂਗਲੁਰੂ ਅਤੇ ਗ੍ਰੇਟਰ ਨੋਇਡਾ ’ਚ ਵਿਕਲਪ ਦਿਤੇ ਸਨ। ਏ.ਸੀ.ਬੀ. ਨੇ ਲੌਜਿਸਟਿਕ ਕਾਰਨਾਂ ਤੋਂ ਗ੍ਰੇਟਰ ਨੋਇਡਾ ਨੂੰ ਚੁਣਿਆ।
ਏ.ਸੀ.ਬੀ. ਦੇ ਕੌਮਾਂਤਰੀ ਕ੍ਰਿਕਟ ਮੈਨੇਜਰ ਮਿਨਹਾਜ ਰਾਜ ਨੇ ਕਿਹਾ, ‘‘ਇਹ ਹਮੇਸ਼ਾ ਅਫਗਾਨਿਸਤਾਨ ਦਾ ਘਰੇਲੂ ਮੈਦਾਨ ਰਿਹਾ ਹੈ। ਅਸੀਂ 2016 ਤੋਂ ਇੱਥੇ ਖੇਡ ਰਹੇ ਹਾਂ। ਇਹ ਸੱਭ ਮੀਂਹ ਕਾਰਨ ਹੋਇਆ। ਅਸੀਂ ਇੱਥੇ ਸਥਾਨਕ ਟੀਮ ਦੇ ਵਿਰੁਧ ਤਿੰਨ ਦਿਨਾ ਮੈਚ ਖੇਡਿਆ ਅਤੇ ਕੋਈ ਸਮੱਸਿਆ ਨਹੀਂ ਸੀ।’’ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇੱਥੇ ਸੀਮਤ ਓਵਰਾਂ ਦੇ 11 ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਇਲਾਵਾ ਉਹ ਦੇਹਰਾਦੂਨ ’ਚ ਵੀ ਮੈਚ ਖੇਡ ਚੁਕੇ ਹਨ।