
ਪਹਿਲੇ ਮੈਚ ਵਿਚ ਯੂ.ਏ.ਈ. ਨੂੰ 9 ਵਿਕਟਾਂ ਨਾਲ ਹਰਾਇਆ
ਦੁਬਈ : ਕ੍ਰਿਕੇਟ ਏਸ਼ੀਆ ਕੱਪ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 9 ਵਿਕਟਾਂ ਨਾਲ ਆਸਾਨੀ ਨਾਲ ਹਰਾ ਦਿਤਾ। ਅਪਣੇ ਪਹਿਲੇ ਮੈਚ ਵਿਚ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਯੂ.ਏ.ਈ. ਲਈ ਅਲੀਸ਼ਾਨ ਸ਼ਰਾਫ਼ੂ ਅਤੇ ਕਪਤਾਨ ਮੁਹੰਮਦ ਵਸੀਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਦੋਹਾਂ ਨੇ ਚੌਥੇ ਓਵਰ ਵਿਚ ਹੀ ਸਕੋਰ 26 ਉਤੇ ਪਹੁੰਚਾ ਦਿਤਾ ਸੀ ਪਰ ਅਲੀਸ਼ਾਨ ਦੇ ਆਊਟ ਹੋਣ ਤੋਂ ਬਾਅਦ ਕੋਈ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ। ਅਲੀਸ਼ਾਨ ਨੇ 22 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਵਸੀਮ ਨੇ 19 ਦੌੜਾਂ ਬਣਾਈਆਂ ਪਰ ਉਨ੍ਹਾਂ ਤੋਂ ਬਾਅਦ ਕੋਈ ਬੱਲੇਬਾਜ਼ੀ ਦੋਹਰੇ ਅੰਕੜੇ ਤਕ ਨਹੀਂ ਪਹੁੰਚ ਸਕਿਆ ਅਤੇ ਪੂਰੀ ਟੀਮ 57 ਦੌੜਾਂ ’ਤੇ ਆਊਟ ਹੋ ਗਈ।
ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦਕਿ ਸ਼ਿਵਮ ਦੂਬੇ ਨੇ 3 ਅਤੇ ਜਸਪ੍ਰੀਤ ਬੁਮਰਾਹ, ਅਕਸਰ ਪਟੇਲ ਤੇ ਵਰੁਣ ਚੱਕਰਵਰਤੀ ਨੇ 1-1 ਵਿਕਟ ਲਈ।
ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਸਿਰਫ਼ 4.3 ਓਵਰਾਂ ’ਚ ਜਿੱਤ ਹਾਸਲ ਕਰ ਲਈ। ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ’ਚ 30 ਦੌੜਾਂ ਬਣਾਈਆਂ। ਉਹ ਚੌਥੇ ਓਵਰ ਵਿਚ ਜੁਨੈਦ ਸਿੱਦਕੀ ਦੀ ਗੇਂਦ ਦਾ ਸ਼ਿਕਾਰ ਬਣੇ। ਸ਼ੁਭਮਨ ਗਿੱਲ ਨੇ 9 ਗੇਂਦਾਂ ਵਿਚ 20 ਦੌੜਾਂ ਬਣਾਈਆਂ ਜਦਕਿ ਕਪਤਾਨ ਸੂਰਿਆਕੁਮਾਰ ਯਾਦਵ ਨੇ 7 ਦੌੜਾਂ ਬਣਾਈਆਂ।