
ਪਾਕਿਸਤਾਨ ਨੂੰ ਇੰਗਲੈਂਡ ਨੂੰ 287 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ ਤਾਂ ਹੀ ਪਾਕਿਸਤਾਨ ਲਈ ਸੈਮੀਫਾਈਨਲ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।
ICC World Cup 2023: ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 23.2 ਓਵਰਾਂ 'ਚ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਅਪਣੀ ਥਾਂ ਲਗਭਗ ਪੱਕੀ ਕਰ ਲਈ ਹੈ। ਹਾਲਾਂਕਿ ਨਿਊਜ਼ੀਲੈਂਡ ਅਜੇ ਅਧਿਕਾਰਤ ਤੌਰ 'ਤੇ ਸੈਮੀਫਾਈਨਲ 'ਚ ਨਹੀਂ ਪਹੁੰਚਿਆ ਹੈ ਪਰ ਹੁਣ ਜੋ ਸਮੀਕਰਨ ਬਣ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਨਾ ਤਾਂ ਪਾਕਿਸਤਾਨ ਦੀ ਟੀਮ ਅਤੇ ਨਾ ਹੀ ਅਫ਼ਗਾਨਿਸਤਾਨ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਸਕੀ ਹੈ। ਦਰਅਸਲ, ਹੁਣ ਪਾਕਿਸਤਾਨ ਨੂੰ ਇੰਗਲੈਂਡ ਇੰਨੇ ਫਰਕ ਨਾਲ ਹਰਾਉਣਾ ਹੋਵੇਗਾ ਜੋ ਕਿ ਅਸੰਭਵ ਹੈ। ਪਾਕਿਸਤਾਨ ਨੂੰ ਇੰਗਲੈਂਡ ਨੂੰ 287 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ ਤਾਂ ਹੀ ਪਾਕਿਸਤਾਨ ਲਈ ਸੈਮੀਫਾਈਨਲ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।
ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਪਾਕਿਸਤਾਨ ਨੂੰ ਜੋ ਵੀ ਟੀਚਾ ਦੇਵੇਗੀ, ਟੀਮ ਪਾਕਿਸਤਾਨ ਨੂੰ 3 ਓਵਰਾਂ ਦੇ ਅੰਦਰ ਹੀ ਹਾਸਲ ਕਰਨਾ ਹੋਵੇਗਾ, ਜੋ ਕਿ ਅਸੰਭਵ ਹੈ। ਇਸ ਵਾਰ ਕੁਦਰਤ ਦੇ ਨਿਯਮ ਵੀ ਪਾਕਿਸਤਾਨ ਨੂੰ ਸੈਮੀਫਾਈਨਲ ਤਕ ਨਹੀਂ ਪਹੁੰਚਾ ਸਕਦੇ। ਹਾਲਾਂਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਗੇਂਦਬਾਜ਼ ਵਸੀਮ ਅਕਰਮ ਨੇ ਪਾਕਿਸਤਾਨੀ ਟੀਮ ਨੂੰ ਇਕ ਅਨੋਖਾ ਫਾਰਮੂਲਾ ਦਿਤਾ ਹੈ, ਜਿਸ ਦੀ ਮਦਦ ਨਾਲ ਟੀਮ ਸੈਮੀਫਾਈਨਲ 'ਚ ਅਪਣੀ ਜਗ੍ਹਾ ਬਣਾ ਸਕਦੀ ਹੈ।
ਵਸੀਮ ਨੇ ਟੀਮ ਨੂੰ ਅਪਣੀ ਰਾਏ ਦਿੰਦੇ ਹੋਏ ਕਿਹਾ, ''ਹੁਣ ਪਾਕਿਸਤਾਨ ਨਿਸ਼ਚਿਤ ਤੌਰ 'ਤੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੈ, ਪਰ ਸੈਮੀਫਾਈਨਲ 'ਚ ਪਹੁੰਚਣ ਦਾ ਇਕ ਰਸਤਾ ਹੈ ਅਤੇ ਉਹ ਹੈ ਟਾਈਮ ਆਊਟ ਰਾਹੀਂ।'' ਸਾਬਕਾ ਗੇਂਦਬਾਜ਼ ਨੇ ਕਿਹਾ, “ਸੈਮੀਫਾਈਨਲ 'ਚ ਪਹੁੰਚਣ ਲਈ ਪਾਕਿਸਤਾਨ ਨੂੰ 500 ਦੌੜਾਂ ਬਣਾਉਣੀਆਂ ਪੈਣਗੀਆਂ ਅਤੇ ਜਦੋਂ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਕਰਨ ਆਉਣ ਲੱਗੇਗੀ ਤਾਂ ਉਸ ਦੇ ਡਰੈਸਿੰਗ ਰੂਮ ਨੂੰ 20 ਮਿੰਟਾਂ ਲਈ ਬੰਦ ਕਰ ਦਿਓ, ਜਿਸ ਕਾਰਨ ਉਸ ਦੇ ਸਾਰੇ ਖਿਡਾਰੀ ਟਾਈਮ ਆਊਟ ਦਾ ਸ਼ਿਕਾਰ ਹੋ ਜਾਣਗੇ ਅਤੇ ਪਾਕਿਸਤਾਨ 500 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਜਿੱਤ ਸਕਦਾ ਹੈ”।
ਦੱਸ ਦੇਈਏ ਕਿ ਵਸੀਮ ਨੇ ਹਾਲਾਂਕਿ ਇਸ ਗੱਲ ਨੂੰ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਹੈ। ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ 11 ਨਵੰਬਰ ਨੂੰ ਮੈਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਫਿਲਹਾਲ ਅੰਕ ਸੂਚੀ 'ਚ ਨਿਊਜ਼ੀਲੈਂਡ ਚੌਥੇ, ਪਾਕਿਸਤਾਨ ਪੰਜਵੇਂ ਅਤੇ ਅਫਗਾਨਿਸਤਾਨ ਦੀ ਟੀਮ ਛੇਵੇਂ ਸਥਾਨ 'ਤੇ ਹੈ। ਪਾਕਿਸਤਾਨੀ ਟੀਮ ਦੀ ਨੈੱਟ ਰਨ ਰੇਟ +0.036 ਹੈ ਜਦਕਿ ਅਫਗਾਨਿਸਤਾਨ ਟੀਮ ਦੀ ਨੈੱਟ ਰਨ ਰੇਟ ਮਾਇਨਸ ਵਿਚ ਹੈ। ਨਿਊਜ਼ੀਲੈਂਡ ਸਕਾਰਾਤਮਕ ਰਨ ਰੇਟ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।