
ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਇਹ ਉਲੰਘਣਾ ਦੀ ਛੇਵੀਂ ਘਟਨਾ ਹੈ।
BSF jawan killed in Jammu kashmir: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ 'ਚ ਬੁਧਵਾਰ ਦੇਰ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਰੇਂਜਰਾਂ ਦੀ ਬਿਨਾਂ ਭੜਕਾਹਟ ਦੇ ਗੋਲੀਬਾਰੀ 'ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਇਕ ਜਵਾਨ ਲਾਲ ਫਰਨ ਕੀਮਾ ਸ਼ਹੀਦ ਹੋ ਗਿਆ। ਅਧਿਕਾਰੀ ਮੁਤਾਬਕ ਸਾਂਬਾ ਵਿਚ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਪਿਛਲੇ 24 ਦਿਨਾਂ ਵਿਚ ਜੰਮੂ ਵਿਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਵਲੋਂ ਜੰਗਬੰਦੀ ਦੀ ਉਲੰਘਣਾ ਦੀ ਤੀਜੀ ਘਟਨਾ ਹੈ।
ਉਨ੍ਹਾਂ ਦਸਿਆ ਕਿ ਗੋਲੀਬਾਰੀ ਵਿਚ ਬੀਐੱਸਐੱਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਜੰਮੂ ਦੇ ਜੀਐਮਸੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਐੱਸਐੱਫ ਨੇ ਇਕ ਬਿਆਨ ਵਿਚ ਕਿਹਾ, '8-9 ਨਵੰਬਰ 2023 ਦੀ ਦਰਮਿਆਨੀ ਰਾਤ ਦੌਰਾਨ, ਪਾਕਿਸਤਾਨ ਰੇਂਜਰਾਂ ਨੇ ਰਾਮਗੜ੍ਹ ਖੇਤਰ ਵਿਚ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ, ਜਿਸ ਦਾ ਬੀਐੱਸਐੱਫ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿਤਾ।'
ਰਾਮਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੇ ਬਲਾਕ ਮੈਡੀਕਲ ਅਫ਼ਸਰ (ਬੀਐਮਓ) ਡਾ. ਲਖਵਿੰਦਰ ਸਿੰਘ ਨੇ ਦਸਿਆ ਕਿ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ਵਿਚ ਬੀਐੱਸਐੱਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਕਰੀਬ 1 ਵਜੇ ਇਲਾਜ ਲਈ ਕੇਂਦਰ ਵਿਚ ਲਿਆਂਦਾ ਗਿਆ। ਬੀਐੱਸਐੱਫ ਨੇ ਜਵਾਨ ਨੰ ਸ਼ਰਧਾਂਜਲੀ ਵੀ ਦਿੱਤੀ।
ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਪਾਕਿਸਤਾਨ ਰੇਂਜਰਾਂ ਨੇ ਸਰਹੱਦ 'ਤੇ ਕਰੀਬ 7 ਘੰਟੇ ਤਕ ਭਾਰੀ ਗੋਲੀਬਾਰੀ ਕੀਤੀ ਸੀ, ਜਿਸ 'ਚ ਇਕ ਔਰਤ ਅਤੇ ਬੀਐੱਸਐੱਫ ਦੇ ਦੋ ਜਵਾਨ ਜ਼ਖਮੀ ਹੋ ਗਏ ਸਨ। ਇਸ ਦੇ ਨਾਲ ਹੀ 17 ਅਕਤੂਬਰ ਨੂੰ ਅਰਨੀਆ ਸੈਕਟਰ ਵਿਚ ਪਾਕਿਸਤਾਨ ਰੇਂਜਰਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐੱਸਐੱਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਮੁਤਾਬਕ 25 ਫਰਵਰੀ, 2021 ਨੂੰ ਦੋਵਾਂ ਧਿਰਾਂ ਵਲੋਂ ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਇਹ ਉਲੰਘਣਾ ਦੀ ਛੇਵੀਂ ਘਟਨਾ ਹੈ।
(For more news apart from BSF jawan killed in Jammu kashmir, stay tuned to Rozana Spokesman)