
ਸੰਜੀਵ ਕੁਮਾਰ ਨੇ ਦੇਸ਼ ਤੇ ਪੰਜਾਬ ਲਈ ਅਣਗਿਣਤ ਮੈਡਲ ਜਿੱਤ ਕੇ ਲਿਆਂਦੇ ਹਨ ਪਰ ਉਸ ਦੇ ਹਾਲਾਤ ਬਦ ਤੋਂ ਬਦਤਰ ਹਨ
ਅਬੋਹਰ - ਸੰਜੀਵ ਕੁਮਾਰ ਵਾਸੀ ਤੇਲੁਪੁਰਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ BWF ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ, ਜੋ 3 ਤੋਂ 9 ਜੁਲਾਈ 2023 ਕੰਪਾਲਾ ਯੂਗਾਂਡਾ ਵਿਚ ਹੋਈ ਹੈ ਉਸ ਵਿਚੋਂ ਭਾਰਤ ਲਈ 3 ਮੈਡਲ ਜਿੱਤੇ। ਸੰਜੀਵ ਕੁਮਾਰ ਨੇ ਪੁਰਸ਼ ਸਿੰਗਲ WH-2 ਵਿਚ ਚਾਂਦੀ ਦਾ ਮੈਡਲ, ਪੁਰਸ਼ ਡਬਲਜ਼ ਡਬਲਯੂ.ਐਚ-1-2 ਚਾਂਦੀ ਮੈਡਲ ਮੈਟਿਰੋ ਸਪੇਨ ਦੇ ਨਾਲ ਤੇ ਮਿਕਸਡ ਡਬਲਜ਼ ਡਬਲਯੂ.ਐੱਚ.-1-2 ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਸੰਜੀਵ ਪੰਜਾਬ ਦਾ ਇਕਲੌਤਾ ਪੈਰਾ ਬੈਡਮਿੰਟਨ ਖਿਡਾਰੀ ਹੈ। ਦੇਸ਼ ਵਿਚ ਉਸ ਦੀ ਨੰਬਰ 1 ਰੈਂਕਿੰਗ ਹੈ। ਸੰਜੀਵ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਮਿਲਿਆ ਹੋਇਆ ਹੈ। ਅਬੋਹਰ ਦੇ ਪਿੰਡ ਤੇਲੁਪੁਰਾ ਦਾ ਵਾਸੀ ਸੰਜੀਵ ਕੁਮਾਰ ਬੀਤੇ ਲੰਬੇ ਸਮੇਂ ਤੋਂ ਦੇਸ਼ ਲਈ ਦੇਸ਼ਾਂ-ਵਿਦੇਸ਼ਾਂ ਦੇ ਵਿਚ ਬੈਡਮਿੰਟਨ ਖੇਡ ਰਿਹਾ ਹੈ। ਸੰਜੀਵ ਕੁਮਾਰ ਦਿਵਿਆਂਗ ਹੋਣ ਦੇ ਚ੍ਰਲਦਿਆਂ ਵੀਲ ਚੇਅਰ ਕੈਟਾਗਰੀ ਦਾ ਪੰਜਾਬ ਦਾ ਇਕਲੌਤਾ ਬੈਡਮਿੰਟਨ ਖਿਡਾਰੀ ਹੈ।
ਸੰਜੀਵ ਕੁਮਾਰ ਨੇ ਦੇਸ਼ ਤੇ ਪੰਜਾਬ ਲਈ ਅਣਗਿਣਤ ਮੈਡਲ ਜਿੱਤ ਕੇ ਲਿਆਂਦੇ ਹਨ ਪਰ ਉਸ ਦੇ ਹਾਲਾਤ ਬਦ ਤੋਂ ਬਦਤਰ ਹਨ। ਬੇਸ਼ੱਕ ਉਹ ਅੱਜ ਵੀ ਦੇਸ਼ ਲਈ ਬੈਡਮਿੰਟਨ ਖੇਡ ਰਿਹਾ ਹੈ ਪਰ ਨੌਕਰੀ ਲਈ ਉਹ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਹਲਕੇ ਦਾ ਵਾਸੀ ਹੈ। ਸੰਜੀਵ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਖੇਡ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ 'ਤੇ ਆਏ ਚਰਨਜੀਤ ਸਿੰਘ ਚੰਨੀ ਤੱਕ ਪਹੁੰਚ ਕੀਤੀ ਪਰ ਲਾਰਿਆਂ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਮਿਲਿਆ।