ਜੀਵਨ ਲਤਾ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਸਨੀਕ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਸੱਤ ਵਾਰ ਪਾਵਰਲਿਫਟਿੰਗ ਚੈਂਪੀਅਨ ਰਹਿ ਚੁੱਕੀ ਹੈ।
ਲੁਧਿਆਣਾ: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਵਿਲੱਖਣ ਪਹਿਲਕਦਮੀ ਕਰਦਿਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿਖੇ ਪਾਵਰਲਿਫਟਰ ਜੀਵਨ ਲਤਾ ਨੂੰ ਸਪਾਂਸਰ ਕਰਨ ਲਈ ਆਪਣੇ ਨਿੱਜੀ ਖਾਤੇ ਵਿਚੋਂ 2.7 ਲੱਖ ਰੁਪਏ ਦਾਨ ਕੀਤੇ ਤਾਂ ਜੋ ਉਹ ਜਰਮਨੀ ਵਿਚ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਸਕੇ। ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀਆਂ ਸਿਫ਼ਾਰਸ਼ਾਂ 'ਤੇ ਸੰਜੀਵ ਅਰੋੜਾ ਨੇ ਖਿਡਾਰਨ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਜੀਵਨ ਲਤਾ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ।
ਅਰੋੜਾ ਵੱਲੋਂ ਭਾਰਤੀ ਪਾਵਰਲਿਫਟਿੰਗ ਫੈਡਰੇਸ਼ਨ ਨੂੰ 2.70 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਰਾਜ ਸਭਾ ਮੈਂਬਰ ਵਜੋਂ ਸਰਕਾਰ ਤੋਂ ਮਿਲਣ ਵਾਲੀ ਤਨਖਾਹ ਪਰਉਪਕਾਰੀ ਕੰਮਾਂ ਲਈ ਦਾਨ ਕਰਨ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਜੀਵਨ ਲਤਾ ਨੂੰ 20 ਤੋਂ 23 ਅਕਤੂਬਰ 2022 ਤੱਕ ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਹੋਣ ਜਾ ਰਹੀ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਈ 67.5 ਕਿਲੋਗ੍ਰਾਮ ਸ਼੍ਰੇਣੀ ਤਹਿਤ ਚੁਣਿਆ ਗਿਆ ਹੈ।
ਜੀਵਨ ਲਤਾ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਸਨੀਕ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਸੱਤ ਵਾਰ ਪਾਵਰਲਿਫਟਿੰਗ ਚੈਂਪੀਅਨ ਰਹਿ ਚੁੱਕੀ ਹੈ। ਉਹ ਰਾਜ ਪੱਧਰ 'ਤੇ ਜੂਨੀਅਰ ਵਰਗ ਵਿਚ ਪੰਜ ਵਾਰ ਅਤੇ ਰਾਸ਼ਟਰੀ ਪੱਧਰ 'ਤੇ ਤਿੰਨ ਵਾਰ ਚੈਂਪੀਅਨ ਵੀ ਬਣ ਚੁੱਕੀ ਹੈ। ਲਤਾ ਨੇ ਸਭ ਤੋਂ ਜ਼ਿਆਦਾ ਭਾਰ ਚੁੱਕ ਕੇ ਫੈਡਰੇਸ਼ਨ ਕੱਪ ਵਿਚ ਸਪੋਰਟਸ ਵੂਮੈਨ ਐਵਾਰਡ ਵੀ ਜਿੱਤਿਆ ਹੈ।

