ਕਿਹਾ - ਜੇਕਰ ਮਨਮਾਨੀ ਮੁਅੱਤਲੀ ਨਾ ਹਟਾਈ ਗਈ ਤਾਂ ਉਨ੍ਹਾਂ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਜਾਵੇਗਾ
Bajrang Punia : ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਅਕਤੂਬਰ ’ਚ ਅਲਬਾਨੀਆ ’ਚ ਹੋਣੀ ਹੈ ਪਰ ਇਸ ਤੋਂ ਪਹਿਲਾਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿਤਾ ਹੈ।
ਪੂਨੀਆ ਨੇ ਅਪਣੀ ਮੁਅੱਤਲੀ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ’ਚ ਪਹੁੰਚ ਕੀਤੀ ਸੀ ,ਜਿਸ ਤੋਂ ਬਾਅਦ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਤੁਰਤ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ ਹੈ।
ਹੁਣ ਅਦਾਲਤ ਨੇ ਇਸ ਮਾਮਲੇ ’ਚ ਨਾਡਾ ਤੋਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ ਨੇ ਦਾਅਵਾ ਕੀਤਾ ਹੈ ਕਿ ਨਾਡਾ ਦਾ ਆਚਰਣ ਸੰਵਿਧਾਨ ਤਹਿਤ ਰੋਜ਼ੀ-ਰੋਟੀ ਕਮਾਉਣ ਦੇ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਹ ਵੀ ਕਿਹਾ ਕਿ ਜੇਕਰ ਮਨਮਾਨੀ ਮੁਅੱਤਲੀ ਨਾ ਹਟਾਈ ਗਈ ਤਾਂ ਉਨ੍ਹਾਂ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਜਾਵੇਗਾ।
21 ਜੂਨ ਨੂੰ ਨਾਡਾ ਨੇ ਬਜਰੰਗ ਪੂਨੀਆ ਨੂੰ ਦੂਜੀ ਵਾਰ ਮੁਅੱਤਲ ਕਰ ਦਿਤਾ ਸੀ। ਇਸ ਕਾਰਨ ਉਹ ਸਿਖਲਾਈ ਤੇ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਅਯੋਗ ਹੋ ਗਏ ਸਨ। ਨਾਡਾ ਨੇ 10 ਮਾਰਚ ਨੂੰ ਸੋਨੀਪਤ ’ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਕਰ ਕੇ 23 ਅਪ੍ਰੈਲ ਨੂੰ ਪੂਨੀਆ ਨੂੰ ਪਹਿਲਾਂ ਮੁਅੱਤਲ ਕਰ ਦਿਤਾ ਸੀ।