
ਨੇ ਤਿੰਨ ਵਿਕਟਾਂ ’ਤੇ 563 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਵਾਬ ’ਚ ਮੇਘਾਲਿਆ ਦੀ ਟੀਮ ਸਿਰਫ 19 ਦੌੜਾਂ ’ਤੇ ਆਊਟ ਹੋ ਗਈ
ਅਲੂਰ (ਬੇਂਗਲੁਰੂ) : ਮੁੰਬਈ ਦੀ ਸਲਾਮੀ ਬੱਲੇਬਾਜ਼ ਈਰਾ ਜਾਧਵ ਅੰਡਰ-19 ਮਹਿਲਾ ਵਨਡੇ ਟਰਾਫੀ ’ਚ ਮੇਘਾਲਿਆ ਵਿਰੁਧ 346 ਦੌੜਾਂ ਦੀ ਪਾਰੀ ਖੇਡ ਕੇ ਅੰਡਰ-19 ਕ੍ਰਿਕਟ ’ਚ ਤਿਹਰਾ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
ਸਚਿਨ ਤੇਂਦੁਲਕਰ, ਵਿਨੋਦ ਕਾਂਬਲੀ ਅਤੇ ਅਜੀਤ ਅਗਰਕਰ ਦੇ ਸਕੂਲ ਸ਼ਾਰਦਾਸ਼ਰਮ ਵਿਦਿਆਮੰਦਰ ਦੀ ਵਿਦਿਆਰਥਣ ਈਰਾ ਨੇ ਇਹ ਪਾਰੀ 157 ਗੇਂਦਾਂ ’ਚ 42 ਚੌਕਿਆਂ ਅਤੇ 16 ਛੱਕਿਆਂ ਦੀ ਮਦਦ ਨਾਲ ਖੇਡੀ। ਇਹ ‘ਯੂਥ ਲਿਸਟ ਏ’ ਮੈਚਾਂ ’ਚ ਕਿਸੇ ਭਾਰਤੀ ਵਲੋਂ ਬਣਾਇਆ ਗਿਆ ਸੱਭ ਤੋਂ ਵੱਡਾ ਸਕੋਰ ਵੀ ਹੈ। ਪਰ ਇਸ ਸ਼੍ਰੇਣੀ ’ਚ ਵਿਸ਼ਵ ਰੀਕਾਰਡ ਦਖਣੀ ਅਫਰੀਕਾ ਦੀ ਲਿਜ਼ਲ ਲੀ ਦੇ ਨਾਮ ਹੈ, ਜਿਸ ਨੇ 2010 ’ਚ ਇਕ ਘਰੇਲੂ ਮੈਚ ’ਚ 427 ਦੌੜਾਂ ਬਣਾਈਆਂ ਸਨ।
ਈਰਾ ਨੂੰ ਪਿਛਲੀ ਮਹਿਲਾ ਪ੍ਰੀਮੀਅਰ ਲੀਗ ਨਿਲਾਮੀ ’ਚ ਨਹੀਂ ਵੇਚਿਆ ਗਿਆ ਸੀ। ਹਾਲਾਂਕਿ ਉਸ ਨੂੰ ਮਲੇਸ਼ੀਆ ’ਚ ਹੋਣ ਵਾਲੇ ਟੂਰਨਾਮੈਂਟ ਲਈ ਭਾਰਤ ਦੀ ਅੰਡਰ-19 ਟੀ-20 ਵਿਸ਼ਵ ਕੱਪ ਟੀਮ ਦੇ ‘ਸਟੈਂਡਬਾਈ’ ’ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੀ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਦੇ ਤਿਹਰਾ ਸੈਂਕੜੇ ਅਤੇ ਕਪਤਾਨ ਹਾਰਲੇ ਗਾਲਾ (116, 79 ਗੇਂਦਾਂ) ਨਾਲ ਦੂਜੇ ਵਿਕਟ ਲਈ 274 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਮੁੰਬਈ ਨੇ ਤਿੰਨ ਵਿਕਟਾਂ ’ਤੇ 563 ਦੌੜਾਂ ਦਾ ਵੱਡਾ ਸਕੋਰ ਬਣਾਇਆ। ਮੇਘਾਲਿਆ ਦੀ ਟੀਮ ਸਿਰਫ 19 ਦੌੜਾਂ ’ਤੇ ਆਊਟ ਹੋ ਗਈ ਅਤੇ ਇਸ ਪਾਰੀ ’ਚ 6 ਖਿਡਾਰੀ ਜ਼ੀਰੋ ’ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਮੁੰਬਈ ਨੇ 544 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ।