
ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਵਿਚੋਂ ਸਾਹਮਣੇ ਆਇਆ ਹੈ।
ਪੰਜਾਬ- ਪਿਛਲੇ ਦਿਨਾਂ ਵਿਚ ਡੇਰਾਬਸੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਥਰੂਮ ਵਿਚੋਂ ਇੱਕ ਮੇਲ ਭਰੂਣ ਮਿਲਣ ਕਾਰਨ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਸਵੇਰੇ ਕਰੀਬ ਅੱਠ ਵਜੇ ਜਦੋਂ ਹਸਪਤਾਲ ਦਾ ਸਫ਼ਾਈ ਸੇਵਕ ਬਾਥਰੂਮਾਂ ਦੀ ਸਫ਼ਾਈ ਕਰਨ ਲੱਗਿਆ ਤਾਂ ਉਸ ਨੇ ਬਾਥਰੂਮ ਵਿਚ ਲੱਗੀ ਫਲੱਸ਼ ਦੀ ਟੈਂਕੀ ਵਿਚ ਭਰੂਣ ਪਿਆ ਦੇਖਿਆ।
File Photo
ਜਿਸ ਸਬੰਧੀ ਉਸ ਨੇ ਹਸਪਤਾਲ ਦੇ ਸਟਾਫ਼ ਨੂੰ ਜਾਣਕਾਰੀ ਦਿੱਤੀ। ਤੇ ਹੁਣ ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੀ ਵਿਚੋਂ ਸਾਹਮਣੇ ਆਇਆ ਹੈ। ਦਰਅਸਲ ਇਕ ਘਰ 'ਚੋਂ ਲਿਫਾਫੇ ਅਤੇ ਕੱਪੜਿਆਂ 'ਚ ਲਪੇਟਿਆ ਹੋਇਆ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਭਰੂਣ ਲੜਕੇ ਦਾ ਸੀ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਨੂੰ ਇਸ ਦੀ ਮਾਂ ਨੇ ਜਾਂ ਫਿਰ ਸਮਾਜ ਨੇ ਮਾਰਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
File Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਾਸਰਕੇ ਭੈਣੀ ਦੇ ਗਿਆਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਰਾਤ ਉਹ ਪਰਿਵਾਰ ਸਮੇਤ ਵਿਆਹ ਸਮਾਗਮ 'ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸ ਆਉਂਦੇ ਹੀ ਉਹ ਸਿੱਧਾ ਆਪਣੇ ਕਮਰੇ 'ਚ ਜਾ ਕੇ ਸੌ ਗਏ। ਸਵੇਰੇ ਜਦੋਂ ਘਰ ਦੀਆਂ ਔਰਤਾਂ ਨੇ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ 'ਚ ਪਾਏ ਤਾਂ ਉਹ ਚੱਲੀ ਨਹੀਂ।
File Photo
ਉਨ੍ਹਾਂ ਨੇ ਸੋਚਿਆ ਕਿ ਮਸ਼ੀਨ 'ਚ ਕੱਪੜੇ ਜ਼ਿਆਦਾ ਹੋਣ ਕਰ ਕੇ ਮਸ਼ੀਨ ਨਹੀਂ ਚੱਲੀ ਤੇ ਉਨ੍ਹਾਂ ਨੇ ਤੁਰੰਤ ਕੱਪੜੇ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤੇ। ਇਸ ਦੌਰਾਨ ਇਕ ਕੱਪੜੇ 'ਚ ਲਪੇਟਿਆ ਹੋਇਆ ਕਾਲੇ ਰੰਗ ਦਾ ਲਿਫਾਫਾ ਨਿਕਲਿਆ ਤੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ। ਦਰਅਸਲ ਕੋਈ ਇਸ ਲਿਫਾਫੇ 'ਚ ਭਰੂਣ ਬੰਦ ਕਰਕੇ ਮਸ਼ੀਨ 'ਚ ਸੁੱਟ ਗਿਆ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।