
ਕਪਤਾਨ ਸ਼ੁਭਮਨ ਗਿੱਲ ਦੀ ਫਾਰਮ ’ਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਟਾਈਟਨਜ਼
ਅਹਿਮਦਾਬਾਦ: ਕਪਤਾਨ ਸ਼ੁਭਮਨ ਗਿੱਲ ਦੀ ਫਾਰਮ ’ਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਟਾਈਟਨਜ਼ ਨੂੰ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਪਲੇਆਫ਼ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਿਰੁਧ ਜਿੱਤ ਦਰਜ ਕਰਨੀ ਹੀ ਹੋਵੇਗੀ।
ਗਿੱਲ ਨੇ ਚੇਨਈ ਸੁਪਰ ਕਿੰਗਜ਼ ਵਿਰੁਧ ਪਿਛਲੇ ਮੈਚ ’ਚ ਸੈਂਕੜਾ ਲਗਾ ਕੇ ਅਪਣੀ ਟੀਮ ਨੂੰ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਆਈ.ਪੀ.ਐਲ. ’ਚ ਇਹ ਉਸ ਦਾ ਚੌਥਾ ਸੈਂਕੜਾ ਸੀ। ਉਨ੍ਹਾਂ ਤੋਂ ਇਲਾਵਾ ਸਾਈ ਸੁਦਰਸ਼ਨ ਨੇ ਵੀ ਸੈਂਕੜਾ ਲਗਾਇਆ। ਪਲੇਆਫ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਕੇ.ਕੇ.ਆਰ. ਵਿਰੁਧ ਇਨ੍ਹਾਂ ਦੋਹਾਂ ਦਾ ਪ੍ਰਦਰਸ਼ਨ ਟਾਈਟਨਜ਼ ਲਈ ਕਾਫੀ ਮਹੱਤਵਪੂਰਨ ਹੋਵੇਗਾ।
ਇਸ ਸਮੇਂ ਸੱਤ ਟੀਮਾਂ ਪਲੇਆਫ ਦੀ ਦੌੜ ’ਚ ਹਨ। ਰਾਜਸਥਾਨ ਰਾਇਲਜ਼ (16) ਅਤੇ ਸਨਰਾਈਜ਼ਰਜ਼ ਹੈਦਰਾਬਾਦ (14) ਲੜੀਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰਜਾਇੰਟਸ ਦੇ ਬਰਾਬਰ 12 ਅੰਕ ਹਨ। ਟਾਈਟਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ 10 ਅੰਕ ਹਨ ਅਤੇ ਉਹ ਵੱਧ ਤੋਂ ਵੱਧ 14 ਅੰਕਾਂ ਤਕ ਪਹੁੰਚ ਸਕਦੇ ਹਨ।
ਟਾਈਟਨਜ਼ ਦਾ ਨੈੱਟ ਰਨ ਰੇਟ ਚੰਗਾ ਨਹੀਂ ਹੈ ਅਤੇ ਅਜਿਹੇ ’ਚ ਜੇਕਰ ਟੀਮ ਆਖਰੀ ਚਾਰ ’ਚ ਥਾਂ ਬਣਾ ਲੈਂਦੀ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ, ਇਹ ਨਿਸ਼ਚਤ ਹੈ ਕਿ ਟਾਈਟਨਜ਼ ਅਗਰ ਮਗਰ ਦੇ ਸਮੀਕਰਨ ’ਚ ਬਣੇ ਰਹਿਣ ਲਈ ਕੋਈ ਕਸਰ ਨਹੀਂ ਛੱਡਣਗੇ।
ਟਾਈਟਨਜ਼ ਦੇ ਗੇਂਦਬਾਜ਼ ਇਸ ਸੀਜ਼ਨ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸ ਦੇ ਤੇਜ਼ ਗੇਂਦਬਾਜ਼ਾਂ ਵਿਚ ਨਿਰੰਤਰਤਾ ਦੀ ਘਾਟ ਹੈ ਜਦਕਿ ਸਪਿਨਰ ਦੌੜਾਂ ਲੁੱਟ ਰਹੇ ਹਨ। ਚੇਨਈ ਵਿਰੁਧ ਪਿਛਲੇ ਮੈਚ ’ਚ ਹਾਲਾਂਕਿ ਉਸ ਨੇ ਪਹਿਲੇ ਤਿੰਨ ਓਵਰਾਂ ’ਚ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਗੇਂਦਬਾਜ਼ੀ ਵਿਚ ਤਜਰਬੇਕਾਰ ਮੋਹਿਤ ਸ਼ਰਮਾ ਅਤੇ ਰਾਸ਼ਿਦ ਖਾਨ ਦਾ ਪ੍ਰਦਰਸ਼ਨ ਟੀਮ ਲਈ ਬਹੁਤ ਮਹੱਤਵਪੂਰਨ ਹੋਵੇਗਾ।
ਬੱਲੇਬਾਜ਼ੀ ’ਚ ਟਾਈਟਨਜ਼ ਦੇ ਟਾਪ ਆਰਡਰ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਪਿਛਲੇ ਮੈਚ ਨੂੰ ਛੱਡ ਕੇ ਉਸ ਦੇ ਚੋਟੀ ਦੇ ਬੱਲੇਬਾਜ਼ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਗਿੱਲ ਅਤੇ ਸੁਦਰਸ਼ਨ ਨੇ ਪਿਛਲੇ ਮੈਚ ’ਚ ਪਹਿਲੇ ਵਿਕਟ ਲਈ 210 ਦੌੜਾਂ ਦੀ ਰੀਕਾਰਡ ਭਾਈਵਾਲੀ ਕੀਤੀ ਸੀ।
ਜਿੱਥੋਂ ਤਕ ਕੇ.ਕੇ.ਆਰ. ਦਾ ਸਵਾਲ ਹੈ, ਉਹ ਚੋਟੀ ’ਤੇ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਉਸ ਨੂੰ ਚੋਟੀ ਦੀਆਂ ਦੋ ਟੀਮਾਂ ਵਿਚ ਬਣੇ ਰਹਿਣ ਲਈ ਬਾਕੀ ਦੋ ਮੈਚਾਂ ਵਿਚ ਸਿਰਫ ਇਕ ਜਿੱਤ ਦੀ ਜ਼ਰੂਰਤ ਹੈ। ਕੇ.ਕੇ.ਆਰ. ਨੇ ਪਿਛਲੇ ਮੈਚ ’ਚ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਕੇ ਪਲੇਆਫ ’ਚ ਅਪਣੀ ਜਗ੍ਹਾ ਪੱਕੀ ਕੀਤੀ ਸੀ।
ਸੁਨੀਲ ਨਰਾਇਣ ਹੁਣ ਤਕ ਕੇਕੇਆਰ ਲਈ ਟਰੰਪ ਕਾਰਡ ਸਾਬਤ ਹੋਏ ਹਨ। ਉਸ ਨੇ ਹੁਣ ਤਕ 461 ਦੌੜਾਂ ਬਣਾਈਆਂ ਹਨ ਅਤੇ 15 ਵਿਕਟਾਂ ਲਈਆਂ ਹਨ। ਵੈਸਟਇੰਡੀਜ਼ ਦੇ ਇਕ ਹੋਰ ਖਿਡਾਰੀ ਆਂਦਰੇ ਰਸਲ ਨੇ ਵੀ 222 ਦੌੜਾਂ ਨਾਲ 15 ਵਿਕਟਾਂ ਲੈ ਕੇ ਅਪਣੀ ਛਾਪ ਛੱਡੀ ਹੈ।
ਲੈਗ ਸਪਿਨਰ ਵਰੁਣ ਚੱਕਰਵਰਤੀ ਨੇ ਹੁਣ ਤਕ 18 ਵਿਕਟਾਂ ਲਈਆਂ ਹਨ ਅਤੇ ਉਹ ਚੰਗੀ ਲੈਅ ’ਚ ਨਜ਼ਰ ਆ ਰਹੇ ਹਨ। ਸਲਾਮੀ ਬੱਲੇਬਾਜ਼ ਫਿਲ ਸਾਲਟ ਫਿਰ ਤੋਂ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇੱਥੇ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਰਹੀ ਹੈ ਅਤੇ ਇਹ ਮੈਚ ਵੱਡਾ ਸਕੋਰ ਵੀ ਹੋ ਸਕਦਾ ਹੈ। ਟਾਈਟਨਜ਼ ਨੇ ਕੇ.ਕੇ.ਆਰ. ਵਿਰੁਧ ਪਿਛਲੇ ਤਿੰਨ ਮੁਕਾਬਲਿਆਂ ਵਿਚੋਂ ਦੋ ਜਿੱਤੇ ਹਨ ਪਰ ਉਹ ਕਿਸੇ ਵੀ ਤਰ੍ਹਾਂ ਦੀ ਸੰਤੁਸ਼ਟੀ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਰਿੰਕੂ ਸਿੰਘ ਨੇ ਪਿਛਲੇ ਸਾਲ ਇਸੇ ਮੈਦਾਨ ’ਤੇ ਆਖਰੀ ਓਵਰ ਵਿਚ ਯਸ਼ ਦਿਆਲ ਨੂੰ ਲਗਾਤਾਰ ਪੰਜ ਛੱਕੇ ਮਾਰ ਕੇ ਕੇ.ਕੇ.ਆਰ. ਨੂੰ ਜਿੱਤ ਦਿਵਾਈ ਸੀ।
ਟੀਮਾਂ ਹੇਠ ਲਿਖੇ ਅਨੁਸਾਰ ਹਨ:
ਕੋਲਕਾਤਾ ਨਾਈਟ ਰਾਈਡਰਜ਼ : ਸ਼੍ਰੇਅਸ ਅਈਅਰ (ਕਪਤਾਨ), ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦਰੇ ਰਸਲ, ਨਿਤੀਸ਼ ਰਾਣਾ, ਵੈਂਕਟੇਸ਼ ਅਈਅਰ, ਅਨੁਕੁਲ ਰਾਏ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਰਾਇਣ, ਵੈਭਵ ਅਰੋੜਾ, ਚੇਤਨ ਸਾਕਰੀਆ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਤਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗੁਸ ਐਟਕਿਨਸਨ, ਅੱਲ੍ਹਾ ਗਜ਼ਨਾਫਰ ਅਤੇ ਫਿਲ ਸਾਲਟ।
ਗੁਜਰਾਤ ਟਾਈਟਨਜ਼: ਸ਼ੁਭਮਨ ਗਿੱਲ (ਕਪਤਾਨ), ਡੇਵਿਡ ਮਿਲਰ, ਮੈਥਿਊ ਵੇਡ, ਰਿਧੀਮਾਨ ਸਾਹਾ, ਕੇਨ ਵਿਲੀਅਮਸਨ, ਅਭਿਨਵ ਮਨੋਹਰ, ਬੀ ਸਾਈ, ਸੁਦਰਸ਼ਨ ਨਲਕੰਡੇ, ਵਿਜੇ ਸ਼ੰਕਰ, ਜਯੰਤ ਯਾਦਵ, ਰਾਹੁਲ ਤੇਵਤੀਆ, ਨੂਰ ਅਹਿਮਦ, ਸਾਈ ਕਿਸ਼ੋਰ, ਰਾਸ਼ਿਦ ਖਾਨ, ਜੋਸ਼ੁਆ ਲਿਟਲ, ਮੋਹਿਤ ਸ਼ਰਮਾ, ਅਜ਼ਮਤੁੱਲਾ ਉਮਰਜ਼ਈ, ਉਮੇਸ਼ ਯਾਦਵ, ਸ਼ਾਹਰੁਖ ਖਾਨ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਮਾਨਵ ਸੁਥਾਰ, ਸਪੈਂਸਰ ਜਾਨਸਨ, ਸੰਦੀਪ ਵਾਰੀਅਰ ਅਤੇ ਬੀਆਰ ਸ਼ਰਤ।
ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।