![Virat Kohli Virat Kohli](/cover/prev/05pjnot1aal29isijarhlj6eu6-20230812215043.Medi.jpeg)
ਖ਼ਬਰਾਂ ’ਚ ਇੰਸਟਾਗ੍ਰਾਮ ਜ਼ਰੀਏ ਹਰ ਪੋਸਟ ਲਈ 11.4 ਕਰੋੜ ਰੁਪਏ ਦੀ ਕਮਾਈ ਦਾ ਕੀਤਾ ਗਿਆ ਸੀ ਦਾਅਵਾ
ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ ’ਤੇ ਪੋਸਟ ਕਰਨ ਲਈ 11.45 ਕਰੋੜ ਰੁਪਏ ਲੈਂਦੇ ਹਨ। ਹੁਣ ਭਾਰਤੀ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਤੋਂ ਕਮਾਈ ਦੀ ਖ਼ਬਰ ਨੂੰ ਝੂਠਾ ਅਤੇ ਫ਼ਰਜ਼ੀ ਦਸਿਆ ਹੈ। ਟਵਿੱਟਰ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕੋਹਲੀ ਨੇ ਲਿਖਿਆ ਕਿ ਜੋ ਵੀ ਖ਼ਬਰਾਂ ਚੱਲ ਰਹੀਆਂ ਹਨ। ਉਹ ਸੱਚ ਨਹੀਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ ’ਤੇ ਪੋਸਟ ਕਰਨ ਦਾ ਸੱਭ ਤੋਂ ਜ਼ਿਆਦਾ ਖ਼ਰਚਾ ਲੈਂਦੇ ਹਨ।ਇੰਸਟਾਗ੍ਰਾਮ ਸ਼ਡਿਊਲਿੰਗ ਟੂਲ ‘ਹੋਪਰ ਐਚ.ਕਿਊ.’ ’ਚ ਟੈਕਸ ‘ਇੰਸਟਾਗ੍ਰਾਮ ਰਿਚ ਲਿਸਟ 2023’ ਦੀ ਖ਼ਬਰ ਅਨੁਸਾਰ ਕੋਹਲੀ ਦੀ ਮੇਟਾ ਮੰਚ ’ਤੇ ਹਰ ਪੋਰਟ ਦੀ ਕਮਾਈ 11 ਕਰੋੜ ਰੁਪਏ ਤੋਂ ਵੱਧ ਹੈ।
ਕੋਹਲੀ ਨੇ ਅਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਮੈਂ ਜੀਵਨ ’ਚ ਜੋ ਕੁਝ ਹਾਸਲ ਕੀਤਾ ਹੈ, ਉਸ ਪ੍ਰਤੀ ਸ਼ੁਕਰਗੁਜ਼ਾਰ ਹਾਂ ਪਰ ਸੋਸ਼ਲ ਮੀਡੀਆ ’ਤੇ ਮੇਰੀ ਕਮਾਈ ਦੀ ਜੋ ਖ਼ਬਰ ਏਨੀ ਛਾਈ ਹੋਈ ਹੈ, ਉਹ ਸੱਚ ਨਹੀਂ ਹੈ।’’
ਕੋਹਲੀ ਨਾਲ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਨਾਂ ਵੀ ‘ਹੋਪਰ ਸੂਚੀ’ ’ਚ ਹੈ, ਜਿਸ ’ਚ ਫ਼ੁੱਟਬਾਲ ਸੂਪਰਸਟਾਰ ਕ੍ਰਿਸਟੀਆਨੋ ਰੋਨਾਲਡੋ (ਹਰ ਪੋਸਟ ਲਗਪਗ 26 ਕਰੋੜ ਰੁਪਏ) ਅਤੇ ਲਿਓਨਲ ਮੇਸੀ (ਹਰ ਪੋਰਟ ਲਗਭਗ 21 ਕਰੋੜ ਰੁਪਏ) ਸਿਖਰ ’ਤੇ ਹਨ। ਕੋਹਲੀ ਦੇ ਇੰਸਟਾਗ੍ਰਾਮ ’ਤੇ 256 ਮਿਲੀਅਨ (25.6 ਕਰੋੜ) ਫ਼ਾਲੋਅਰਜ਼ ਹਨ ਅਤੇ ਉਹ ਸੂਚੀ ’ਚ 14ਵੇਂ ਅਤੇ ਚੋਪੜਾ 29ਵੇਂ ਸਥਾਨ ’ਤੇ ਹੈ।