
ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਹੇਠ ਚੱਲਦੀ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਤਿੰਨ ਰੋਜ਼ਾ ਗੁਰਸ਼ਰਨ ਸਿੰਘ ਰੰਗਮੰਚ ਉਤਸਵ ਮਿਤੀ 14
ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਹੇਠ ਚੱਲਦੀ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਤਿੰਨ ਰੋਜ਼ਾ ਗੁਰਸ਼ਰਨ ਸਿੰਘ ਰੰਗਮੰਚ ਉਤਸਵ ਮਿਤੀ 14 ਤੋਂ 16 ਸਤੰਬਰ 2018 ਤੱਕ ਮੋਗਾ ਦੇ ਕਾਮਰੇਡ ਸਤੀਸ਼ ਲੂੰਬਾ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਅਕਾਦਮੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਦੀ ਅਗਵਾਈ ਹੇਠ ਅਕਾਦਮੀ ਵੱਲੋਂ ਸਮੇਂ-ਸਮੇਂ 'ਤੇ ਨਾਟ ਉਤਸਵ ਕਰਵਾਏ ਜਾਂਦੇ ਹਨ।
ਇਨ੍ਹਾਂ ਦੀ ਲੜੀ ਵਿੱਚ ਹੀ ਕਰਵਾਇਆ ਜਾ ਰਿਹਾ ਇਹ ਰੰਗਮੰਚ ਉਤਸਵ ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਰੰਗਮੰਚ ਉਤਸਵ ਵਿੱਚ ਤਿੰਨੇ ਦਿਨ ਨਾਟਕਾਂ ਦਾ ਮੰਚਨ ਹੋਵੇਗਾ ਅਤੇ ਅਤੇ ਇਹ ਪ੍ਰੋਗਰਾਮ ਰੋਜ਼ ਸ਼ਾਮ ਛੇ ਵਜੇ ਸ਼ੁਰੂ ਹੋਇਆ ਕਰੇਗਾ। ਇਸ ਰੰਗਮੰਚ ਉਤਸਵ ਦਾ ਉਦਘਾਟਨ ਪੰਜਾਬੀ ਗਲਪਕਾਰ ਬਲਦੇਵ ਸਿੰਘ ਮੋਗਾ ਕਰਨਗੇ ਅਤੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਅੰਗਕਾਰ ਸ੍ਰੀ ਕੇ.ਐਲ. ਗਰਗ ਕਰਨਗੇ।
ਅਕਾਦਮੀ ਦੇ ਸਕੱਤਰ ਸ੍ਰੀ ਪ੍ਰੀਤਮ ਰੁਪਾਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ 14 ਸਤੰਬਰ ਨੂੰ ਰੈੱਡ ਆਰਟਸ ਮੋਗਾ ਵੱਲੋਂ ਦੀਪ ਜਗਦੀਪ ਦਾ ਲਿਖਿਆ ਅਤੇ ਦੀਪਕ ਨਿਆਜ਼ ਦਾ ਨਿਰਦੇਸ਼ਿਤ ਨਾਟਕ 'ਆਰਡਰ-ਆਰਡਰ ਆਰਡਰ' ਪੇਸ਼ ਕੀਤਾ ਜਾਵੇਗਾ। 15 ਸਤੰਬਰ ਨੂੰ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਗੁਰਸ਼ਰਨ ਸਿੰਘ ਰਚਿਤ 2 ਨਾਟਕ 'ਹਵਾਈ ਗੋਲੇ' ਅਤੇ 'ਕੰਮੀਆਂ ਦਾ ਵੇਹੜਾ' ਨੌਜਵਾਨ ਨਿਰਦੇਸ਼ਕ ਇਕੱਤਰ ਸਿੰਘ ਵੱਲੋਂ ਪੇਸ਼ ਕੀਤੇ ਜਾਣਗੇ। ਆਖਰੀ ਦਿਨ 16 ਸਤੰਬਰ ਨੂੰ ਅਲੰਕਾਰ ਥੀਏਟਰ ਚੰਡੀਗੜ੍ਹ ਵੱਲੋਂ ਚੰਗੇਜ਼ ਆਈਤਮਾਤੋਵ ਦੇ ਜਗਤ ਪ੍ਰਸਿੱਧ ਨਾਵਲ 'ਦੁਸ਼ੇਨ' 'ਤੇ ਅਧਾਰਤ ਨਾਟਕ 'ਪਹਿਲਾ ਅਧਿਆਪਕ' ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ।