
ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਇੰਗਲੈਂਡ ਵਿਰੁਧ ਦੂਜੇ ਟੈਸਟ ਮੈਚ 'ਚ ਸ਼ਿਖ਼ਰ ਧਵਨ ਨੂੰ ਟੀਮ 'ਚ ਨਾ ਸ਼ਾਮਲ ਕਰਨ ਦੇ ਫ਼ੈਸਲੇ ਤੋਂ ਨਾਰਾਜ਼ ਨਜ਼ਰ ਆਏ.............
ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਇੰਗਲੈਂਡ ਵਿਰੁਧ ਦੂਜੇ ਟੈਸਟ ਮੈਚ 'ਚ ਸ਼ਿਖ਼ਰ ਧਵਨ ਨੂੰ ਟੀਮ 'ਚ ਨਾ ਸ਼ਾਮਲ ਕਰਨ ਦੇ ਫ਼ੈਸਲੇ ਤੋਂ ਨਾਰਾਜ਼ ਨਜ਼ਰ ਆਏ। ਐਜਬੈਸਟਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਫ਼ਲਾਪ ਹੋਣ ਤੋਂ ਬਾਅਦ ਸ਼ਿਖ਼ਰ ਧਵਨ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ। ਧਵਨ ਦੀ ਥਾਂ ਕੇ.ਐਲ. ਰਾਹੁਲ ਨੂੰ ਓਪਨਿੰਗ ਕਰਨ ਦਾ ਮੌਕਾ ਦਿਤਾ ਗਿਆ। ਉਥੇ ਹੀ ਤੀਜੇ ਨੰਬਰ 'ਤੇ ਚੇਤੇਸ਼ਵਰ ਪੁਜਾਰਾ ਨੂੰ ਵਾਪਸ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸੁਨੀਲ ਗਾਵਸਕਰ ਨੇ ਸ਼ਿਖ਼ਰ ਧਵਨ ਦੇ ਟੀਮ 'ਚ ਨਾ ਹੋਣ 'ਤੇ ਨਾਰਾਜ਼ਗੀ ਜਤਾਈ।
ਗਾਵਸਕਰ ਮੁਤਾਬਕ ਸ਼ਿਖ਼ਰ ਧਵਨ ਨੂੰ ਹਰ ਵਾਰ ਬਲੀ ਦਾ ਬਕਰਾ ਬਣਾਇਆ ਜਾਂਦਾ ਹੈ। ਧਵਨ ਤੋਂ ਇਲਾਵਾ ਦੂਜੇ ਬੱਲੇਬਾਜ਼ ਵੀ ਲੈਅ ਤੋਂ ਬਾਹਰ ਚੱਲ ਰਹੇ ਹਨ ਪਰ ਹਰ ਵਾਰ ਧਵਨ ਨੂੰ ਹੀ ਟੀਮ ਤੋਂ ਬਾਹਰ ਜਾਣਾ ਪੈਂਦਾ ਹੈ। ਪਹਿਲੇ ਟੈਸਟ 'ਚ ਮੁਰਲੀ ਵਿਜੇ ਤੋਂ ਜ਼ਿਆਦਾ ਦੌੜਾ ਬਣਾਉਣ ਦੇ ਬਾਵਜੂਦ ਧਵਨ ਨੂੰ ਅਗਲੇ ਮੈਚ 'ਚ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਦਿਤੀ ਗਈ। ਜੇਕਰ ਹਰ ਮੈਚ ਤੋਂ ਬਾਅਦ ਉਸ ਨੂੰ ਬਾਹਰ ਹੀ ਕਰਨਾ ਹੈ ਤਾਂ ਉਸ ਨੂੰ ਟੀਮ 'ਚ ਸ਼ਾਮਲ ਹੀ ਕਿਉਂ ਕੀਤਾ ਜਾਂਦਾ ਹੈ। ਸਾਬਕਾ ਭਾਰਤੀ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਵੀ ਗਾਵਸਕਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ। (ਏਜੰਸੀ)