
ਪਾਕਿਸਤਾਨ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ।
ਨਵੀਂ ਦਿੱਲੀ - 2019 ਦੇ IPL ਸੱਟੇਬਾਜ਼ੀ ਨੈੱਟਵਰਕ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਸੀਬੀਆਈ ਨੇ ਕਿਹਾ ਹੈ ਕਿ ਇਹ ਪੂਰਾ ਨੈੱਟਵਰਕ ਪਾਕਿਸਤਾਨ ਤੋਂ ਚਲਾਇਆ ਜਾ ਰਿਹਾ ਸੀ। ਸੀਬੀਆਈ ਨੇ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਦੇ ਦੋਸ਼ 'ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੰਬੇ ਸਮੇਂ ਤੋਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਆਈਪੀਐਲ ਵਿਚ ਫਿਕਸਿੰਗ ਕਰ ਰਿਹਾ ਹੈ ਪਰ ਹੁਣ ਸੀਬੀਆਈ ਦੀ ਜਾਂਚ ਵਿਚ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਆ ਗਈ ਹੈ।
ਇਸ ਪੂਰੇ ਮਾਮਲੇ 'ਚ ਹਵਾਲਾ ਤਹਿਤ ਪੈਸਿਆਂ ਦੇ ਲੈਣ-ਦੇਣ ਦਾ ਵੀ ਖੁਲਾਸਾ ਹੋਇਆ ਹੈ।
IPL
ਸੀਬੀਆਈ ਮੁਤਾਬਕ ਕੁਝ ਲੋਕ ਮਿਲ ਕੇ ਪੈਨ ਇੰਡੀਆ ਨੈੱਟਵਰਕ ਚਲਾ ਰਹੇ ਸਨ, ਜਿਸ ਤਹਿਤ ਲੋਕ ਆਈਪੀਐਲ ਸੱਟੇਬਾਜ਼ੀ ਵੱਲ ਆਕਰਸ਼ਿਤ ਹੋ ਰਹੇ ਸਨ। ਸ਼ੁੱਕਰਵਾਰ ਨੂੰ ਕੇਂਦਰੀ ਏਜੰਸੀ 'ਚ ਦੋ ਮਾਮਲੇ ਦਰਜ ਕੀਤੇ ਗਏ ਸਨ। ਇਹ ਕੇਸ ਅਪਰਾਧਿਕ ਸਾਜ਼ਿਸ਼ ਰਚਣ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦਰਜ ਕੀਤੇ ਗਏ ਹਨ। ਪਾਕਿਸਤਾਨ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ।
CBI
ਸੀਬੀਆਈ ਨੂੰ ਸੱਟੇਬਾਜ਼ੀ ਵਿਚ ਸ਼ਾਮਲ ਵਿਅਕਤੀਆਂ ਦੇ ਨੈੱਟਵਰਕ ਬਾਰੇ ਭਰੋਸੇਯੋਗ ਸੂਚਨਾ ਮਿਲੀ ਹੈ। ਆਈਪੀਐਲ ਮੈਚਾਂ ਨਾਲ ਸਬੰਧਤ ਸੱਟੇਬਾਜ਼ੀ ਦੀ ਆੜ ਵਿਚ ਉਹ ਸੱਟੇਬਾਜ਼ੀ ਲਈ ਉਕਸਾਉਂਦੇ ਹੋਏ ਆਮ ਲੋਕਾਂ ਨੂੰ ਧੋਖਾ ਦੇ ਰਹੇ ਸਨ। ਸੀਬੀਆਈ ਨੇ ਅੱਗੇ ਕਿਹਾ ਕਿ "ਇਸ ਮੰਤਵ ਲਈ ਉਨ੍ਹਾਂ ਨੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹੇ ਅਤੇ ਅਣਪਛਾਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਾਹਕ ਦਸਤਾਵੇਜ਼ (ਆਈਡੀ ਅਤੇ ਕੇਵਾਈਸੀ) ਪ੍ਰਾਪਤ ਕੀਤੇ। ਇਹ ਬੈਂਕ ਖਾਤੇ ਇੱਕ ਤੋਂ ਵੱਧ ਜਨਮ ਮਿਤੀਆਂ ਵਰਗੇ ਫਰਜ਼ੀ ਵੇਰਵਿਆਂ ਵਾਲੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਅਤੇ ਬੈਂਕ ਅਧਿਕਾਰੀਆਂ ਵੱਲੋਂ ਪੂਰੀ ਪੜਤਾਲ ਕੀਤੇ ਬਿਨਾਂ ਖੋਲ੍ਹੇ ਗਏ ਹਨ।
IPL
ਸੀਬੀਆਈ ਪੂਰੇ ਭਾਰਤ ਵਿਚ ਆਈਪੀਐਲ ਸੱਟੇਬਾਜ਼ੀ ਨੈੱਟਵਰਕ ਦੀ ਜਾਂਚ ਕਰ ਰਹੀ ਹੈ, ਜਿਸ ਦੇ ਪਾਕਿਸਤਾਨ ਨਾਲ ਸਿੱਧੇ ਸਬੰਧ ਹਨ। ਕਈ ਸ਼ਹਿਰਾਂ ਵਿਚ ਕਈ ਲੋਕਾਂ ਦੀ ਜਾਂਚ ਚੱਲ ਰਹੀ ਹੈ ਅਤੇ ਐਫਆਈਆਰ ਵਿਚ "ਅਣਜਾਣ ਜਨਤਕ ਸੇਵਕਾਂ" ਦਾ ਨਾਮ ਵੀ ਲਿਆ ਗਿਆ ਹੈ। ਜਾਣਕਾਰੀ ਇਹ ਹੈ ਕਿ ਮੁਲਜ਼ਮਾਂ ਨੇ ਪਾਕਿਸਤਾਨੀ ਸੰਪਰਕਾਂ ਦੇ ਇਸ਼ਾਰੇ 'ਤੇ ਆਈਪੀਐਲ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਅਜੇ ਤੱਕ ਜਾਂਚ ਏਜੰਸੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਹੜੇ ਮੈਚਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।