
14 ਕਰੋੜ ਰੁਪਏ ਦੀ ਰਾਇਲਟੀ ਮੰਗੀ
ਨਵੀਂ ਦਿੱਲੀ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਦੀ ਇਕ ਸਪੋਰਟਸ ਕੰਪਨੀ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਸਚਿਨ ਦਾ ਦਾਅਵਾ ਹੈ ਕਿ ਸਿਡਨੀ ਦੀ ਸਪਾਰਟਨ ਸਪੋਰਟਸ ਇੰਟਰਨੈਸ਼ਨਲ ਕੰਪਨੀ, ਜੋ ਬੱਲੇ ਬਣਾਉਂਦੀ ਹੈ, ਨੇ ਉਨ੍ਹਾਂ ਨੂੰ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਦੀ ਰਾਇਲਟੀ ਨਹੀਂ ਦਿੱਤੀ।
Sachin Tendulkar
ਸਚਿਨ ਦਾ ਦੋਸ਼ ਹੈ ਕਿ ਕੰਪਨੀ ਨੇ ਉਨ੍ਹਾਂ ਦੇ ਨਾਂ ਅਤੇ ਤਸਵੀਰ ਦੀ ਵਰਤੋਂ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਕੀਤੀ ਪਰ ਇਸ ਦੇ ਇਵਜ਼ 'ਚ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ। ਇਸ ਸਮੇਂ ਇੰਗਲੈਂਡ 'ਚ ਸਚਿਨ ਤੇਂਦੁਲਕਰ ਆਈਸੀਸੀ ਵਿਸ਼ਵ ਕੱਪ 2019 'ਚ ਕਮੈਂਟਰੀ ਕਰਦੇ ਨਜ਼ਰ ਆ ਰਹੇ ਹਨ।
Sachin Tendulkar
ਸਾਲ 2016 'ਚ ਸਿਡਨੀ ਦੀ ਸਪਾਰਟਨ ਸਪੋਰਟਸ ਇੰਟਰਨੈਸ਼ਨਲ ਨੇ ਉਨ੍ਹਾਂ ਨੂੰ ਸਾਲਾਨਾ 1 ਮਿਲੀਅਨ ਡਾਲਰ ਦੇਣ 'ਤੇ ਸਹਿਮਤੀ ਪ੍ਰਗਟਾਈ ਸੀ। ਇਸ ਦੇ ਬਦਲੇ ਕੰਪਨੀ ਨੂੰ ਸਚਿਨ ਦੇ ਨਾਂ, ਤਸਵੀਰ, ਲੋਗੋ ਅਤੇ ਪ੍ਰਮੋਸ਼ਨਲ ਸਰਵਿਸਿਜ ਦੀ ਵਰਤੋਂ ਕਰ ਕੇ 'Sachin by Spartan' ਨਾਂ ਤੋਂ ਸਪੋਰਟਸ ਦੇ ਸਾਮਾਨ ਵੇਚਣੇ ਸਨ। ਇਸ ਦੇ ਲਈ ਸਚਿਨ ਲੰਦਨ, ਮੁੰਬਈ ਜਿਹੀਆਂ ਥਾਵਾਂ 'ਤੇ ਸਪੋਰਟਸ ਉਤਪਾਦਾਂ ਦੀ ਪ੍ਰਮੋਸ਼ਨ ਲਈ ਵੀ ਗਏ ਸਨ।
Sachin Tendulkar
ਸਚਿਨ ਦਾ ਕਹਿਣਾ ਹੈ ਕਿ ਸਤੰਬਰ 2018 ਤਕ ਕੰਪਨੀ ਨੇ ਉਨ੍ਹਾਂ ਨੂੰ ਇਕ ਵੀ ਪੈਸਾ ਨਹੀਂ ਦਿੱਤਾ। ਇਸ ਤੋਂ ਬਾਅਦ ਜਦੋਂ ਕੰਪਨੀ ਨੂੰ ਪੇਮੈਂਟ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਫਿਰ ਸਚਿਨ ਨੇ ਸਮਝੌਤਾ ਖ਼ਤਮ ਕਰ ਲਿਆ। ਇਸ ਮਗਰੋਂ ਸਚਿਨ ਨੇ ਕੰਪਨੀ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਨਾਂ ਦੀ ਵਰਤੋਂ ਨਾ ਕਰੇ। ਸਚਿਨ ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਮੁਤਾਬਕ ਕੰਪਨੀ ਹੁਣ ਵੀ ਉਨ੍ਹਾਂ ਦੇ ਨਾਂ ਦੀ ਵਰਤੋਂ ਕਰ ਰਹੀ ਹੈ।