
ਪੰਜ ਜਾਂ ਇਸ ਤੋਂ ਵੱਧ ਵਾਰ ਵਿਸ਼ਵ ਕੱਪ 'ਚ ਖੇਡਣ ਵਾਲੇ ਦੁਨੀਆ ਦੇ 19ਵੇਂ ਖਿਡਾਰੀ ਬਣ ਜਾਣਗੇ ਕ੍ਰਿਸ ਗੇਲ
ਨਵੀਂ ਦਿੱਲੀ : ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਬ੍ਰਿਟੇਨ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਉਤਰਨ ਦੇ ਨਾਲ ਹੀ ਪੰਜ ਜਾਂ ਇਸ ਤੋਂ ਵੱਧ ਵਾਰ ਇਸ ਕ੍ਰਿਕਟ ਦੇ ਮਹਾਕੁੰਭ 'ਚ ਸ਼ਾਮਲ ਹੋਣ ਵਾਲੇ ਕ੍ਰਿਕਟਰਾਂ ਦੇ ਖਾਸ ਕਲੱਬ 'ਚ ਸ਼ਾਮਲ ਹੋਣ ਵਾਲੇ ਦੁਨੀਆ ਦੇ 19ਵੇਂ ਖਿਡਾਰੀ ਬਣ ਜਾਣਗੇ। ਭਾਰਤ ਦੇ ਸਚਿਨ ਤੇਂਦੁਲਕਰ ਅਤੇ ਪਾਕਿਸਤਾਨ ਦੇ ਜਾਵੇਦ ਮਿਆਂਦਾਦ ਸਭ ਤੋਂ ਜ਼ਿਆਦਾ 6-6 ਵਾਰ ਵਿਸ਼ਵ ਕੱਪ ਖੇਡੇ ਹਨ ਪਰ 16 ਅਜਿਹੇ ਖਿਡਾਰੀ ਹਨ ਜੋ ਪੰਜ ਵਿਸ਼ਵ ਕੱਪ ਖੇਡੇ ਹਨ।
Chris Gayle
ਇਸ 'ਚ ਬ੍ਰਾਇਨ ਲਾਰਾ, ਇਮਰਾਨ ਖਾਨ, ਅਰਜੁਨ ਰਾਣਾਤੁੰਗਾ, ਮੁਥਈਆ ਮੁਰਲੀਧਰਨ, ਵਸੀਮ ਅਕਰਮ, ਰਿਕੀ ਪੋਂਟਿੰਗ, ਜਾਕ ਕੈਲਿਸ ਆਦਿ ਸ਼ਾਮਲ ਹਨ। ਗੇਲ ਹੁਣ ਲਾਰਾ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਾਅਦ ਇਸ ਸੂਚੀ 'ਚ ਸ਼ਾਮਲ ਹੋਣ ਵਾਲੇ ਤੀਜੇ ਕੈਰੇਬੀਆਈ ਖਿਡਾਰੀ ਬਣਨਗੇ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ 7 ਖਿਡਾਰੀ ਚੌਥੀ ਵਾਰ ਵਿਸ਼ਵ ਕੱਪ 'ਚ ਸ਼ਿਰਕਤ ਕਰਨਗੇ। ਧੋਨੀ 2007 ਤੋਂ ਇਸ ਟੂਰਨਾਮੈਂਟ 'ਚ ਖੇਡ ਰਹੇ ਹਨ ਅਤੇ 2011 'ਚ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਚੈਂਪੀਅਨ ਬਣੀ ਸੀ। ਉਨ੍ਹਾਂ ਨੇ ਅਜੇ ਤਕ ਵਿਸ਼ਵ ਕੱਪ 'ਚ 20 ਮੈਚਾਂ 'ਚ 507 ਦੌੜਾਂ ਬਣਾਈਆਂ ਹਨ ਅਤੇ 32 ਸ਼ਿਕਾਰ ਕੀਤੇ ਹਨ।
Mashrafe Mortaza
ਬੰਗਲਾਦੇਸ਼ ਦੇ ਚਾਰ ਖਿਡਾਰੀ ਅਪਣੇ ਚੌਥੇ ਵਿਸ਼ਵ ਕੱਪ 'ਚ ਹਿੱਸਾ ਲੈਣਗੇ। ਇਸ ਵਿਚ ਕਪਤਾਨ ਮਸ਼ਰਫੇ ਮੁਰਤਜਾ ਵੀ ਸ਼ਾਮਲ ਹਨ ਜੋ ਗੇਲ ਦੇ ਬਾਅਦ ਇਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ 2003 ਵਿਸ਼ਵ ਕੱਪ 'ਚ ਵੀ ਹਿੱਸਾ ਲਿਆ ਸੀ ਪਰ ਉਹ 2011 ਵਿਸ਼ਵ ਕੱਪ 'ਚ ਟੀਮ ਦਾ ਹਿੱਸਾ ਨਹੀਂ ਸਨ। ਉਨ੍ਹਾਂ ਤੋਂ ਇਲਾਵਾ ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ ਅਤੇ ਤਮੀਮ ਇਕਬਾਲ 2007 ਤੋਂ ਤਿੰਨੇ ਵਿਸ਼ਵ ਕੱਪ ਵਿਚ ਖੇਡੇ ਹਨ।
Ross Taylor
ਨਿਊਜ਼ੀਲੈਂਡ ਦੇ ਰੋਸ ਟੇਲਰ ਅਤੇ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਲਗਾਤਾਰ ਚੌਥਾ ਵਿਸ਼ਵ ਕੱਪ ਖੇਡਣਗੇ। ਵਰਤਮਾਨ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ 'ਚ ਡੈਬਿਊ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਗੇਲ ਦੇ ਨਿਸ਼ਾਨੇ 'ਤੇ ਕੁਝ ਖਾਸ ਰਿਕਾਰਡ ਹੋਣਗੇ। ਇਸ 'ਚ ਹਰ ਚਾਰ ਸਾਲ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਸਿਰਫ ਇਕ ਛੱਕੇ ਦੀ ਜ਼ਰੂਰਤ ਹੈ। ਗੇਲ ਅਜੇ ਤਕ 2003, 2007, 2011 ਅਤੇ 2015 ਵਿਸ਼ਵ ਕੱਪ 'ਚ ਖੇਡ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ 26 ਮੈਚਾਂ 'ਚ 37.37 ਦੀ ਔਸਤ ਨਾਲ 944 ਦੌੜਾਂ ਬਣਾਈਆਂ ਹਨ।
Chris Gayle
ਉਨ੍ਹਾਂ ਦੇ ਨਾਂ 215 ਦੌੜਾਂ ਦੀ ਇਕ ਪਾਰੀ ਵੀ ਸ਼ਾਮਲ ਹੈ। ਟੂਰਨਾਮੈਂਟ 'ਚ ਪਹਿਲਾ ਛੱਕਾ ਲਗਾਉਂਦੇ ਹੀ ਗੇਲ ਵਿਸ਼ਵ ਕੱਪ ਦੇ 'ਸਿਕਸਰ ਕਿੰਗ' ਬਣ ਜਾਣਗੇ। ਵਰਤਮਾਨ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੇ ਬੱਲੇਬਾਜ਼ਾਂ 'ਚ ਗੇਲ ਤੋਂ ਬਾਅਦ ਸਭ ਤੋਂ ਜ਼ਿਆਦਾ ਛੱਕੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (20 ਛੱਕੇ) ਦੇ ਨਾਂ 'ਤੇ ਦਰਜ ਹਨ। ਮਤਲਬ ਗੇਲ ਜੋ ਰਿਕਾਰਡ ਬਣਾਉਣਗੇ ਉਸ ਦਾ ਟੁੱਟਣਾ ਫ਼ਿਲਹਾਲ ਮੁਮਕਿਨ ਨਹੀਂ ਹੋਵੇਗਾ। ਗੇਲ ਨੂੰ ਵਿਸ਼ਵ ਕੱਪ 'ਚ 1000 ਦੌੜਾਂ ਪੂਰੀਆਂ ਕਰਨ ਲਈ ਸਿਰਫ 56 ਦੌੜਾਂ ਦੀ ਜ਼ਰੂਰਤ ਹੈ। ਅਜੇ ਤਕ ਸਿਰਫ 17 ਬੱਲੇਬਾਜ਼ ਹੀ 1000 ਤੋਂ ਵੱਧ ਦੌੜਾਂ ਬਣਾ ਸਕੇ ਹਨ ਜਿਸ ਵਿਚ ਸਚਿਨ ਤੇਂਦੁਲਕਰ 2278 ਦੌੜਾਂ ਨਾਲ ਚੋਟੀ 'ਤੇ ਕਾਬਜ਼ ਹਨ। ਵੈਸਟਇੰਡੀਜ਼ ਵਲੋਂ ਲਾਰਾ (1225) ਅਤੇ ਵਿਵ ਰਿਚਰਡਸ (1013) ਹੀ ਇਸ ਮੁਕਾਮ 'ਤੇ ਪਹੁੰਚੇ ਹਨ।