
7 ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
Mohammed Shami news : ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੇ ਬੀਤੀ ਰਾਤ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। 7 ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੀ ਸਮਾਪਤੀ ਤੋਂ ਬਾਅਦ, ਦਿੱਲੀ ਪੁਲਿਸ ਅਤੇ ਮੁੰਬਈ ਪੁਲਿਸ ਵਿਚਕਾਰ ਐਕਸ ਪਲੇਟਫਾਰਮ 'ਤੇ ਇਕ ਦਿਲਚਸਪ ਗੱਲਬਾਤ ਹੋਈ। ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਦਿੱਲੀ ਪੁਲਿਸ ਨੇ ਲਿਖਿਆ ਕਿ ਉਮੀਦ ਹੈ ਕਿ ਤੁਸੀਂ (ਮੁੰਬਈ ਪੁਲਿਸ) ਅੱਜ ਰਾਤ ਦੇ ਹਮਲੇ (ਨਿਊਜ਼ੀਲੈਂਡ ਵਿਰੁਧ ਗੇਂਦਬਾਜ਼ੀ) ਲਈ ਮੁਹੰਮਦ ਸ਼ਮੀ ਨੂੰ ਗ੍ਰਿਫਤਾਰ ਨਹੀਂ ਕਰੋਗੇ।
ਮੁੰਬਈ ਪੁਲਿਸ ਦਾ ਦਿੱਲੀ ਪੁਲਿਸ ਨੂੰ ਜਵਾਬ
ਦਿੱਲੀ ਪੁਲਿਸ ਦੇ ਮੈਸੇਜ 'ਤੇ ਮੁੰਬਈ ਪੁਲਿਸ ਨੇ ਵੀ ਮਜ਼ਾਕੀਆ ਜਵਾਬ ਦਿਤਾ ਹੈ। ਅਧਿਕਾਰਤ ਐਕਸ ਹੈਂਡਲ 'ਤੇ ਲਿਖਿਆ ਕਿ ਤੁਸੀਂ ਅਣਗਿਣਤ ਦਿਲ ਚੋਰੀ ਕਰਨ ਦੇ ਗੰਭੀਰ ਦੋਸ਼ਾਂ ਤੋਂ ਖੁੰਝ ਗਏ ਹੋ। ਇਸ ਤੋਂ ਇਲਾਵਾ ਕੁੱਝ ਹੋਰ ਦੋਸ਼ੀਆਂ ਦੀ ਸੂਚੀ ਦੇਣ ਤੋਂ ਵੀ ਖੁੰਝ ਗਏ।
ਮੁਹੰਮਦ ਸ਼ਮੀ ਦਾ ਰਿਕਾਰਡ ਤੋੜ ਪ੍ਰਦਰਸ਼ਨ
ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਿਸ ਦੇ ਦੋਵੇਂ ਓਪਨਰ, ਡੇਵਨ ਕੋਨਵੇ ਅਤੇ ਰਚਿਨ ਰਵਿੰਦਰਾ ਕੋਈ ਕਮਾਲ ਨਹੀਂ ਵਿਖਾ ਸਕੇ ਅਤੇ 13-13 ਦੇ ਸਕੋਰ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਡਰਾਇਲ ਮਿਸ਼ੇਲ ਨੇ ਪਾਰੀ ਨੂੰ ਸੰਭਾਲਿਆ ਅਤੇ ਇਕ ਸਮੇਂ ਅਪਣੀ ਟੀਮ ਦੀ ਮੁਕਾਬਲੇ ’ਚ ਵਾਪਸੀ ਕਰਵਾ ਲਈ ਸੀ, ਪਰ ਮੁਹੰਮਦ ਸ਼ਮੀ ਦੀ ਲਾਜਵਾਬ ਗੇਂਦਬਾਜ਼ੀ ਦੇ ਅੱਗੇ ਦੋਵੇਂ ਨਹੀਂ ਟਿਕ ਸਕੇ। ਕੇਨ 69 ਗੇਂਦਾਂ ਬਣਾ ਕੇ ਆਊਟ ਹੋਏ ਜਦੋਂ ਟੀਮ ਦਾ ਸਕੋਰ 32.2 ਓਵਰਾਂ ’ਚ 220 ਦੌੜਾਂ ਸੀ। ਇਸ ਤੋਂ ਬਾਅਦ ਟੌਮ ਲੇਥਮ ਵੀ ਸਿਫ਼ਰ ਦੇ ਸਕੋਰ ’ਤੇ ਸ਼ਮੀ ਦੀ ਗੇਂਦਾਂ ’ਤੇ ਐਲ.ਬੀ.ਡਬਲਿਊ. ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਨਿਊਜ਼ੀਲੈਂਡ ਵਾਪਸੀ ਨਹੀਂ ਕਰ ਸਕਿਆ।
ਡਾਰਿਲ ਮਿਸ਼ੇਲ ਨੇ ਸਭ ਤੋਂ ਵੱਧ 134 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸਿਰਫ਼ ਗਲੇਨ ਫ਼ਿਲੀਪ ਭਾਰਤੀ ਗੇਂਦਬਾਜ਼ੀ ਨੂੰ ਕੁਝ ਚੁਨੌਤੀ ਦੇ ਸਕੇ ਜਿਨ੍ਹਾਂ ਨੇ 41 ਦੌੜਾਂ ਬਣਾਈਆਂ। ਪੂਰੀ ਟੀਮ 48.5 ਓਵਰਾਂ ’ਚ 327 ਦੇ ਸਕੋਰ ’ਤੇ ਆਊਟ ਹੋ ਗਈ। ਭਾਰਤ ਵਲੋਂ ਮੁਹੰਮਦ ਸ਼ਮੀ ਤੋਂ ਇਲਾਵਾ ਜਸਪ੍ਰੀਤ ਬੁਮਰਾ, ਮੁਰੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ 1-1 ਵਿਕੇਟ ਲਈ। ਮੁਹੰਮਦ ਸ਼ਮੀ ਨੇ ਇਕ ਦਿਨਾ ਵਿਸ਼ਵ ਕੱਪ ਮੈਚਾਂ ’ਚ ਸਭ ਤੋਂ ਤੇਜ਼ 50 ਵਿਕੇਟਾਂ ਲੈਣ ਦਾ ਰੀਕਾਰਡ ਵੀ ਬਣਾਇਆ। ਇਸ ਤੋਂ ਇਲਾਵਾ ਸ਼ਮੀ ਨੇ ਵਿਸ਼ਵ ਕੱਪ ’ਚ ਸਭ ਤੋਂ ਵੱਧ, 4, ਵਾਰ ਪੰਜ ਜਾਂ ਵੱਧ ਵਿਕੇਟਾਂ ਲੈਣ ਦਾ ਰੀਕਾਰਡ ਵੀ ਬਣਾਇਆ। ਉਹ ਕਿਸੇ ਇਕ ਵਿਸ਼ਵ ਕੱਪ ’ਚ ਤਿੰਨ ਵਾਰੀ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ।