
ਤਿੰਨੋਂ ਗੋਲਕੀਪਰ ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਪਾਠਕ ਅਤੇ ਸੂਰਜ ਕਰਕੇਰਾ ਨਾਲ ਮਿਲ ਕੇ ਕੰਮ ਕਰਨਗੇ ਵੈਨ ਡੀ ਪੋਲ
ਨਵੀਂ ਦਿੱਲੀ: ਭਾਰਤ ਨੇ ਪੈਰਿਸ ਓਲੰਪਿਕ ਦੀ ਤਿਆਰੀ ਲਈ ਪੁਰਸ਼ ਹਾਕੀ ਟੀਮ ਦੀ ਮਦਦ ਲਈ ਡੱਚ ਗੋਲਕੀਪਿੰਗ ਮਾਹਰ ਡੇਨਿਸ ਵੈਨ ਡੀ ਪੋਲ ਨੂੰ ਅਪਣੇ ਸਹਿਯੋਗੀ ਸਟਾਫ ਵਿਚ ਮੁੜ ਸ਼ਾਮਲ ਕੀਤਾ ਹੈ।
ਵੈਨ ਡੀ ਪੋਲ ਪਹਿਲਾਂ ਵੀ ਭਾਰਤੀ ਗੋਲਕੀਪਰਾਂ ਨਾਲ ਕੰਮ ਕਰ ਚੁਕੇ ਹਨ। ਉਹ ਪਹਿਲੀ ਵਾਰ 2019 ’ਚ ਭਾਰਤੀ ਟੀਮ ’ਚ ਨਾਲ ਜੁੜੇ ਸਨ। ਭਾਰਤੀ ਟੀਮ ਇਸ ਸਮੇਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ’ਚ ਕੌਮੀ ਕੋਚਿੰਗ ਕੈਂਪ ’ਚ ਹਿੱਸਾ ਲੈ ਰਹੇ ਹਨ। ਵੈਨ ਡੀ ਪੋਲ ਕੈਂਪ ਵਿਚ ਸ਼ਾਮਲ ਹੋਣਗੇ ਅਤੇ ਤਿੰਨੋਂ ਗੋਲਕੀਪਰ ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਪਾਠਕ ਅਤੇ ਸੂਰਜ ਕਰਕੇਰਾ ਨਾਲ ਮਿਲ ਕੇ ਕੰਮ ਕਰਨਗੇ।
ਮੁੱਖ ਕੋਚ ਕ੍ਰੇਗ ਫੁਲਟਨ ਦੀ ਨਿਗਰਾਨੀ ਹੇਠ 10 ਦਿਨਾਂ ਦਾ ਵਿਸ਼ੇਸ਼ ਗੋਲਕੀਪਿੰਗ ਕੈਂਪ ਟੀਮ ਦੇ ਆਸਟਰੇਲੀਆ ਦੌਰੇ ਲਈ ਰਵਾਨਾ ਹੋਣ ਤੋਂ ਇਕ ਹਫਤਾ ਪਹਿਲਾਂ 26 ਮਾਰਚ ਨੂੰ ਸਮਾਪਤ ਹੋਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘‘ਇਹ ਭਾਰਤੀ ਪੁਰਸ਼ ਹਾਕੀ ਟੀਮ ਲਈ ਬਹੁਤ ਮਹੱਤਵਪੂਰਨ ਪੜਾਅ ਹੈ। ਓਲੰਪਿਕ ’ਚ ਦੁਬਾਰਾ ਪੋਡੀਅਮ ’ਤੇ ਪਹੁੰਚਣ ਦੀ ਕੋਸ਼ਿਸ਼ ’ਚ ਹਾਕੀ ਇੰਡੀਆ ਇਹ ਯਕੀਨੀ ਬਣਾ ਰਹੀ ਹੈ ਕਿ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਮਿਲਣ।’’
ਵੈਨ ਡੀ ਪੂਲ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਤੋਂ ਪਹਿਲਾਂ ਜੁਲਾਈ ਅਤੇ ਸਤੰਬਰ ਵਿਚ ਭਾਰਤੀ ਟੀਮ ਲਈ ਦੋ ਵਿਸ਼ੇਸ਼ ਕੈਂਪ ਲਗਾਏ ਸਨ। ਟਿਰਕੀ ਨੇ ਕਿਹਾ, ‘‘ਅਸੀਂ ਡੈਨਿਸ ਨੂੰ ਬੋਰਡ ’ਚ ਸ਼ਾਮਲ ਕਰ ਕੇ ਖੁਸ਼ ਹਾਂ, ਜਿਸ ਨੇ ਲਗਭਗ ਚਾਰ ਸਾਲਾਂ ਤੋਂ ਗੋਲਕੀਪਰਾਂ ਦੇ ਇਸ ਸਮੂਹ ਨਾਲ ਕੰਮ ਕੀਤਾ ਹੈ ਅਤੇ ਜਾਣਦਾ ਹੈ ਕਿ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਕਿਸ ਤਰ੍ਹਾਂ ਦੇ ਬਦਲਾਅ ਕਰਨ ਦੀ ਜ਼ਰੂਰਤ ਹੈ।’’