
ਨਰਿੰਦਰ ਮੋਦੀ ਸਟੇਡੀਅਮ ’ਚ ਸੁਰੱਖਿਆ ਪ੍ਰਬੰਧ ਸਖ਼ਤ
World Cup 2023 final : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਕਲਸ ਐਤਵਾਰ ਨੂੰ ਅਹਿਮਦਾਬਾਦ ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਕ੍ਰਿਕਟ ਫਾਈਨਲ ਮੈਚ ਨੂੰ ਵੇਖਣ ਲਈ ਸਟੇਡੀਅਮ ਵਿਚ ਮੌਜੂਦ ਰਹਿਣਗੇ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਮੈਚ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਸ਼ੁਕਰਵਾਰ ਨੂੰ ਗਾਂਧੀਨਗਰ ’ਚ ਉੱਚ ਪੱਧਰੀ ਬੈਠਕ ਕੀਤੀ। ਬਿਆਨ ’ਚ ਕਿਹਾ ਗਿਆ ਹੈ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਐਤਵਾਰ ਨੂੰ ਮੈਚ ਵੇਖਣਗੇ। ਮੁੱਖ ਮੰਤਰੀ ਪਟੇਲ ਨੇ ਉੱਚ ਅਧਿਕਾਰੀਆਂ ਨਾਲ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ।’’
ਜਾਰੀ ਬਿਆਨ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਮੈਚ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਵਿਸਤ੍ਰਿਤ ਪ੍ਰਬੰਧਾਂ ਬਾਰੇ ਜਾਣਕਾਰੀ ਦਿਤੀ, ਜਿਸ ’ਚ ਮੈਦਾਨ, ਟੀਮ, ਵੀ.ਆਈ.ਪੀਜ਼ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਟ੍ਰੈਫਿਕ ਪ੍ਰਬੰਧਨ ਲਈ 4500 ਕਰਮਚਾਰੀਆਂ ਦੀ ਤਾਇਨਾਤੀ ਸ਼ਾਮਲ ਹੈ।
ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ ਕਿ ‘ਵੀ.ਆਈ.ਪੀ.’ ਮੂਵਮੈਂਟ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਬੰਦ ਅਤੇ ‘ਡਾਇਵਰਸ਼ਨ’ (ਬਦਲਿਆ ਰਸਤਾ) ਸੜਕਾਂ ਬਾਰੇ ਲੋਕਾਂ ਨੂੰ ਅਗਾਊਂ ਹੀ ਸਹੀ ਜਾਣਕਾਰੀ ਦੇਣ ਦੇ ਹੁਕਮ ਦਿਤੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਸ਼ੰਸਕਾਂ ਦੀ ਸਹੂਲਤ ਲਈ ਮੋਟੇਰਾ ਸਟੇਸ਼ਨ (ਸਟੇਡੀਅਮ ਦੇ ਨੇੜੇ) ਵਲ ਚੱਲਣ ਵਾਲੀਆਂ ਮੈਟਰੋ ਰੇਲ ਗੱਡੀਆਂ ਦੀ ਬਾਰੰਬਾਰਤਾ ਵਧਾਉਣ ਦੇ ਵੀ ਹੁਕਮ ਦਿਤੇ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਪ੍ਰਸ਼ੰਸਕਾਂ ਦੇ ਇਸ ਮੈਚ ਲਈ ਅਹਿਮਦਾਬਾਦ ਪਹੁੰਚਣ ਦੀ ਉਮੀਦ ਹੈ। ਭਾਰਤੀ ਟੀਮ ਵੀਰਵਾਰ ਸ਼ਾਮ ਨੂੰ ਇੱਥੇ ਪਹੁੰਚੀ, ਜਦੋਂ ਕਿ ਆਸਟਰੇਲੀਆਈ ਟੀਮ ਸ਼ੁਕਰਵਾਰ ਨੂੰ ਸ਼ਹਿਰ ਪਹੁੰਚੀ। ਭਾਰਤੀ ਟੀਮ ਨੇ ਸ਼ੁਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਅਭਿਆਸ ਸੈਸ਼ਨ ਦਾ ਕੀਤਾ। ਭਾਰਤੀ ਹਵਾਈ ਸੈਨਾ ਦੀ ਮਸ਼ਹੂਰ ਸੂਰਿਆਕਿਰਨ ਐਰੋਬੈਟਿਕਸ ਟੀਮ ਐਤਵਾਰ ਨੂੰ ਮੈਚ ਤੋਂ ਪਹਿਲਾਂ ਏਅਰ ਸ਼ੋਅ ਕਰਨ ਵਾਲੀ ਹੈ।
(For more news apart from World Cup 2023 final, stay tuned to Rozana Spokesman)