
565 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਮੈਸ਼ ਮਾਰ ਕੇ 10 ਸਾਲ ਪੁਰਾਣਾ ਰੀਕਾਰਡ ਤੋੜਿਆ
ਸੋਕਾ (ਜਾਪਾਨ): ਭਾਰਤ ਦੇ ਸਟਾਰ ਖਿਡਾਰੀ ਸਾਤਵਿਕ ਸਾਈਰਾਜ ਰੰਕੀਰੈੱਡੀ ਨੇ 565 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਸਮੈਸ਼ ਨਾਲ ਬੈਡਮਿੰਟਨ ’ਚ ਕਿਸੇ ਮਰਦ ਖਿਡਾਰੀ ਵਲੋਂ ਸਭ ਤੋਂ ਤੇਜ਼ ‘ਹਿੱਟ’ ਦਾ ਗਿਨੀਜ਼ ਵਿਸ਼ਵ ਰੀਕਾਰਡ ਬਣਾਇਆ ਹੈ।
ਪਿੱਛੇ ਜਿਹੇ ਚਿਰਾਗ ਸ਼ੈੱਟੀ ਨਾਲ ਮਿਲ ਕੇ ਇੰਡੋਨੇਸ਼ੀਆ ਓਪਨ ਸੂਪਰ 1000 ਦਾ ਖ਼ਿਤਾਬ ਜਿੱਤਣ ਵਾਲੇ ਸਾਤਿਕਵ ਨੇ ਇਸ ਦੇ ਨਾਲ ਹੀ ਮਈ 2013 ’ਚ ਬਣਾਏ ਮਲੇਸ਼ੀਆ ਦੇ ਟੇਨ ਬੂਨ ਹਿਯੋਂਗ ਦੇ 493 ਕਿਲੋਮੀਟਰ ਪ੍ਰਤੀ ਘੰਟਾ ਦੇ ਇਕ ਦਹਾਕੇ ਤੋਂ ਵੀ ਪੁਰਾਣੇ ਰੀਕਾਰਡ ਨੂੰ ਤੋੜ ਦਿਤਾ।
ਸਾਤਵਿਕ ਦਾ ਸਮੈਸ਼ ਕਿਸੇ ਫ਼ਾਰਮੂਲ ਵਨ ਪਾਰ ਵਲੋਂ ਹਾਸਲ ਕੀਤੀ 372.6 ਕਿਲੋਮੀਟਰ ਪ੍ਰਤੀ ਘੰਟਾ ਦੀ ਸਭ ਤੋਂ ਤੇਜ਼ ਰਫ਼ਤਾਰ ਤੋਂ ਵੀ ਵੱਧ ਤੇਜ਼ ਸੀ।
ਔਰਤਾਂ ਦੇ ਵਰਗ ’ਚ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਰੀਕਾਰਡ ਮਲੇਸ਼ੀਆ ਦੀ ਟੇਨ ਪਿਅਰਲੀ ਦੇ ਨਾਂ ’ਤੇ ਹੈ ਜਿਨ੍ਹਾਂ ਨੇ 438 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸ਼ਾਟ ਲਾਇਆ ਸੀ।
ਜਾਪਾਨ ਦੀ ਖੇਡ ਉਪਕਰਨ ਨਿਰਮਾਤਾ ਕੰਪਨੀ ਯੋਨੇਕਸ ਨੇ ਬਿਆਨ ’ਚ ਕਿਹਾ, ‘‘ਯੋਨੇਕਸ ਨੂੰ ਇਹ ਐਲਾਨ ਕਰਦਿਆਂ ਮਾਣ ਹੋ ਰਿਹਾ ਹੈ ਕਿ ਯੋਨੇਕਸ ਬੈਡਮਿੰਟਨ ਖਿਡਾਰੀ ਸਾਤਵਿਕ ਸਾਈਰਾਜ ਰੰਕੀਰੈੱਡੀ (ਭਾਰਤ) ਅਤੇ ਟੇਨ ਪਿਅਰਲੀ (ਮਲੇਸ਼ੀਆ) ਨੇ ਲੜੀਵਾਰ ਸਭ ਤੋਂ ਤੇਜ਼ ਮਰਦ ਅਤੇ ਔਰਤ ਬੈਡਮਿੰਟਨ ਹਿੱਟ ਨਾਲ ਨਵਾਂ ਗਿਨੀਜ਼ ਵਿਸ਼ਕ ਰੀਕਾਰਡ ਬਣਾਇਆ ਹੈ।’’
ਵਿਸ਼ਵ ਰੀਕਾਰਡ 14 ਅਪ੍ਰੈਲ, 2023 ਨੂੰ ਬਣਾਇਆ ਗਿਆ ਸੀ ਅਤੇ ਗਿਨੀਜ਼ ਵਿਸ਼ਵ ਰੀਕਾਰਡ ਦੇ ਅਧਿਕਾਰਕ ਜੱਜਾਂ ਨੇ ਉਸ ਦਿਨ ਦੇ ਗਤੀ ਮਾਪ ਨਤੀਜਿਆਂ ਦੇ ਆਧਾਰ ’ਤੇ ਇਸ ਦੀ ਪੁਸ਼ਟੀ ਕੀਤੀ। ਸਾਤਵਿਕ ਨੇ ਇਹ ਸਮੈਸ਼ ਜਾਪਾਨ ਦੇ ਸੇਈਤਾਮਾ ਦੇ ਸੋਕਾ ’ਚ ਯੋਨੇਕਸ ਫ਼ੈਕਟਰੀ ਜਿਮਨੇਜ਼ੀਅਮ ’ਚ ਲਾਇਆ ਸੀ।
ਅੱਜ ਕੋਰੀਆ ਦੇ ਯੇਓਸੁ ’ਚ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਟਾਰ ਮਰਦ ਡਬਲਜ਼ ਜੋੜੀ ਨੇ ਮੰਗਲਵਾਰ ਨੂੰ ਕੋਰੀਆ ਓਪਨ ਸੂਪਰ 500 ਬੈਡਮਿੰਟਨ ਟੂਰਨਾਮੈਂਟ ’ਚ ਸੁਪਾਕ ਜੋਮਕੋਹ ਅਤੇ ਕਿਟਿਨੁਪੋਂਗ ਕੇਂਦਰੇਨ ਦੀ ਥਾਈਲੈਂਡ ਦੀ ਜੋੜੀ ਨੂੰ ਸਿੱਧੇ ਗੇਮ ’ਚ ਹਰਾ ਕੇ ਦੂਜੇ ਦੌਰ ’ਚ ਥਾਂ ਬਣਾਈ।