
ਭਾਰਤੀ ਪੁਰਸ਼ ਫ਼ੁਟਬਾਲ ਟੀਮ ਫ਼ੀਫ਼ਾ ਵਲੋਂ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਇਕ ਸਥਾਨ ਉਪਰ ਉਠ ਕੇ 96ਵੇਂ ਸਥਾਨ 'ਤੇ ਪਹੁੰਚ ਗਈ ਹੈ.............
ਨਵੀਂ ਦਿੱਲੀ : ਭਾਰਤੀ ਪੁਰਸ਼ ਫ਼ੁਟਬਾਲ ਟੀਮ ਫ਼ੀਫ਼ਾ ਵਲੋਂ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਇਕ ਸਥਾਨ ਉਪਰ ਉਠ ਕੇ 96ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦੋਂ ਕਿ ਫ਼ੀਫ਼ਾ ਵਿਸ਼ਵ ਕੱਪ 2018 ਜਿੱਤਣ ਵਾਲਾ ਫ਼ਰਾਂਸ ਛੇ ਸਥਾਨਾਂ ਦੀ ਲੰਬੀ ਛਲਾਂਗ ਨਾਲ ਚੋਟੀ 'ਤੇ ਪਹੁੰਚ ਗਿਆ ਹੈ। ਫ਼ੀਫ਼ਾ ਵਲੋਂ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਭਾਰਤ ਦੇ ਹੁਣ ਕੁਲ 1242 ਅੰਕ ਹੋ ਗਏ ਹਨ ਅਤੇ ਉਹ ਇਕ ਸਥਾਨ ਉਪਰ ਚੜ੍ਹ ਕੇ 96ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਦੂਜੀ ਵਾਰ ਫ਼ੀਫ਼ਾ ਵਿਸ਼ਵ ਕੱਪ ਜਿੱਤਣ ਵਾਲੀ ਫ਼ਰਾਂਸ ਦੀ ਟੀਮ 1726 ਅੰਕਾਂ ਨਾਲ ਚੋਟੀ 'ਤੇ ਪਹੁੰਚ ਗਈ ਹੈ। ਫ਼ਰਾਂਸ ਨੂੰ ਛੇ ਸਥਾਨਾਂ ਦਾ ਫ਼ਾਇਦਾ ਹੋਇਆ ਹੈ।
ਫ਼ਰਾਂਸ ਫ਼ਾਈਨਲ 'ਚ ਪਹੁੰਚਣ ਵਾਲੀ ਕ੍ਰੋਏਸ਼ੀਆ ਨੂੰ ਸੱਭ ਤੋਂ ਜ਼ਿਆਦਾ 16 ਅੰਕਾਂ ਦਾ ਫ਼ਾਇਦਾ ਹੋਇਆ ਹੈ। ਕ੍ਰੋਏਸ਼ੀਆ ਹੁਣ 1643 ਅੰਕਾਂ ਨਾਲ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਬੈਲਜੀਅਮ ਇਕ ਸਥਾਨ ਉਪਰ ਉਠ ਕੇ ਦੂਜੇ ਜਦੋਂ ਕਿ ਬ੍ਰਾਜ਼ੀਲ ਇਕ ਸਥਾਨ ਹੇਠਾਂ ਖਿਸਕ ਕੇ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਉਥੇ ਹੀ, ਉਰੂਗਵੇ ਦੀ ਟੀਮ ਨੇ ਨੌਂ ਸਥਾਨਾਂ ਦਾ ਸੁਧਾਰ ਕੀਤਾ ਹੈ ਅਤੇ ਉਹ 1628 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪੁਰਤਗਾਲ ਨੂੰ ਤਿੰਨ ਸਥਾਨਾਂ ਦਾ ਘਾਟਾ ਹੋਇਆ ਅਤੇ ਉਹ ਸੱਤਵੇਂ ਸਥਾਨ 'ਤੇ ਖਿਸਕ ਗਈ ਹੈ। ਵਿਸ਼ਵ ਕੱਪ ਦੇ ਸੈਮੀਫ਼ਾਈਨਲ ਤਕ ਪਹੁੰਚਣ ਵਾਲੀ ਇੰਗਲੈਂਡ ਨੂੰ ਵੀ ਛੇ ਸਥਾਨਾਂ ਦਾ ਫ਼ਾਇਦਾ ਹੋਇਆ ਹੈ। ਇੰਗਲੈਂਡ ਹੁਣ 1615 ਅੰਕਾਂ ਨਾਲ ਛੇਵੇਂ ਸਥਾਨ 'ਤੇ ਆ ਗਿਆ ਹੈ। ਮਾਰਚ 2013 ਤੋਂ ਬਾਅਦ ਤੋਂ ਹੀ ਇੰਗਲੈਂਡ ਦੀ ਇਹ ਸਰਬੋਤਮ ਰੈਂਕਿੰਗ ਹੈ। (ਏਜੰਸੀ)