
83.80 ਮੀਟਰ ਜੈਵਲਿਨ ਸੁੱਟ ਕੇ ਦੂਜੇ ਸਥਾਨ 'ਤੇ ਰਹੇ
ਯੂਜੀਨ (ਅਮਰੀਕਾ): ਉਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ 83.80 ਮੀਟਰ ਦੇ ਥਰੋਅ ਨਾਲ ਅਪਣੇ ਡਾਇਮੰਡ ਲੀਗ ਫ਼ਾਈਨਲ ਦੇ ਖ਼ਿਤਾਬ ਦਾ ਬਚਾਅ ਕਰਨ ਵਿਚ ਅਸਫ਼ਲ ਰਹੇ ਅਤੇ ਦੂਜੇ ਸਥਾਨ ਹਾਸਲ ਕੀਤਾ। 25 ਸਾਲਾ ਚੋਪੜਾ ਨੂੰ ਹੇਵਰਡ ਫੀਲਡ ਵਿਚ ਹੋਏ ਫਾਈਨਲ ਵਿਚ ਤੇਜ਼ ਹਵਾਵਾਂ ਨਾਲ ਜੂਝਣਾ ਪਿਆ। ਉਸ ਦੀਆਂ ਦੋ ਕੋਸ਼ਿਸ਼ਾਂ ਫ਼ਾਊਲ ਸਨ। ਉਸ ਦਾ ਦਿਨ ਦਾ ਸਰਬੋਤਮ ਪ੍ਰਦਰਸ਼ਨ ਦੂਜੀ ਕੋਸ਼ਿਸ਼ ਵਿਚ ਆਇਆ। ਪਹਿਲੀ ਕੋਸ਼ਿਸ਼ ਵਿਚ ਫ਼ਾਊਲ ਕਰਨ ਤੋਂ ਬਾਅਦ, ਉਸ ਨੇ ਦੂਜੀ ਕੋਸ਼ਿਸ਼ ਵਿਚ 83.80 ਮੀਟਰ ਦੀ ਦੂਰੀ ਤਕ ਜੈਵਲਿਨ ਸੁੱਟਿਆ। ਉਸ ਦੀਆਂ ਹੋਰ ਕੋਸ਼ਿਸ਼ਾਂ 81.37 ਮੀਟਰ, ਫ਼ਾਊਲ, 80.74 ਮੀਟਰ ਅਤੇ 80.90 ਮੀਟਰ ਸਨ।
ਮੌਜੂਦਾ ਸੀਜ਼ਨ ਵਿਚ ਚੋਪੜਾ ਦਾ 85 ਮੀਟਰ ਤੋਂ ਘੱਟ ਦਾ ਇਹ ਪਹਿਲਾ ਪ੍ਰਦਰਸ਼ਨ ਹੈ। ਉਨ੍ਹਾਂ ਨੇ ਤੀਸਰਾ ਸਥਾਨ ਹਾਸਲ ਕਰਕੇ ਡਾਇਮੰਡ ਲੀਗ ਫਾਈਨਲਜ਼ ਲਈ ਕੁਆਲੀਫਾਈ ਕੀਤਾ ਸੀ। ਉਸ ਨੇ 2022 ਵਿਚ ਜ਼ਿਊਰਿਖ ਵਿਚ 88.44 ਮੀਟਰ ਦੀ ਕੋਸ਼ਿਸ਼ ਨਾਲ ਡਾਇਮੰਡ ਲੀਗ ਫਾਈਨਲਜ਼ ਦਾ ਖਿਤਾਬ ਜਿੱਤਿਆ ਸੀ। ਚੈੱਕ ਗਣਰਾਜ ਦੇ ਜੈਕਬ ਵਡਲੇਚ ਨੇ 84.24 ਮੀਟਰ ਦੀ ਕੋਸ਼ਿਸ਼ ਨਾਲ ਅਪਣਾ ਤੀਜਾ ਡਾਇਮੰਡ ਲੀਗ ਫ਼ਾਈਨਲਜ਼ ਖ਼ਿਤਾਬ ਜਿੱਤਿਆ।
ਉਸ ਨੇ ਅਪਣੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ਵਿਚ ਇਹ ਦੂਰੀ ਤੈਅ ਕੀਤੀ। ਉਹ ਅਪਣੀ ਪਹਿਲੀ ਕੋਸ਼ਿਸ਼ ’ਚ 84.01 ਮੀਟਰ ਦੀ ਦੂਰੀ ਨਾਲ ਸ਼ੁਰੂਆਤ ਤੋਂ ਹੀ ਚੋਟੀ ’ਤੇ ਸੀ। ਨੀਰਜ ਚੋਪੜਾ ਹੁਣ ਇਸ ਮਹੀਨੇ ਸ਼ੁਰੂ ਹੋਣ ਵਾਲੇ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣਗੇ ਜਿਥੇ ਉਹ 2018 ਵਿਚ ਇੰਡੋਨੇਸ਼ੀਆ ਵਿਚ ਜਿੱਤੇ ਸੋਨ ਤਮਗੇ ਦਾ ਬਚਾਅ ਕਰਨਗੇ।